ਕਪੂਰਥਲਾ, 19 ਜੁਲਾਈ (ਅਮਨਜੋਤ ਸਿੰਘ ਵਾਲੀਆ)-ਜਲੰਧਰ ਰੋਡ 'ਤੇ ਗੁਰੂ ਨਾਨਕ ਸਟੇਡੀਅਮ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਸੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਪ੍ਰਕਾਸ਼ ਵਾਸੀ ਮਨਸੂਰਵਾਲ ਦੋਨਾ ਜੋ ਕਿ ਕਿਸੇ ਘਰੇਲੂ ਕੰਮ ਲਈ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਪੂਰਥਲਾ ਸ਼ਹਿਰ ਵੱਲ ਨੂੰ ਜਾ ਰਿਹਾ ਸੀ, ਜਦੋਂ ਉਹ ਗੁਰੂ ਨਾਨਕ ਸਟੇਡੀਅਮ ਨੇੜੇ ਪਹੁੰਚਿਆ ਤਾਂ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਜਿਸ ਨੂੰ ਲੈ ਕੇ ਅੱਜ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ ਦੀ ਬਾਹਰ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਰਾਤ ਦਾ ਕੋਈ ਇਨਸਾਫ਼ ਨਹੀਂ ਦੇ ਰਿਹਾ ਤੇ ਨਾ ਹੀ ਸਾਡੇ ਕੋਈ ਬਿਆਨ ਦਰਜ਼ ਕਰ ਰਿਹਾ ਹੈ ਅਤੇ ਦੂਸਰੀ ਧਿਰ ਨਾਲ ਮਿਲ ਕੇ ਸਾਡੇ 'ਤੇ ਰਾਜ਼ੀਨਾਮੇ ਲਈ ਦਬਾਅ ਪਾਇਆ ਜਾ ਰਿਹਾ ਹੈ | ਇਸ ਸਬੰਧੀ ਥਾਣਾ ਸਿਟੀ ਮੁਖੀ ਐਸ.ਐਚ.ਓ. ਬਿਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਰਾਤ ਦਾ ਹੀ ਕਾਰ ਚਾਲਕ ਹਿਰਾਸਤ ਵਿਚ ਲੈ ਲਿਆ ਸੀ ਅਤੇ ਪਰਿਵਾਰਕ ਮੈਂਬਰਾਂ ਨੂੰ ਸਵੇਰ ਦਾ ਵਾਰ ਵਾਰ ਕਿਹਾ ਗਿਆ ਹੈ ਕਿ ਆਪਣੇ ਬਿਆਨ ਥਾਣੇ ਆ ਕੇ ਕਲਮਬੰਦ ਕਰਵਾਏ ਜਾਣ ਪਰ ਪਰਿਵਾਰਕ ਮੈਂਬਰਾਂ ਨੇ ਅਜੇ ਤੱਕ ਆਪਣੇ ਬਿਆਨ ਨਹੀਂ ਦਿੱਤੇ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |