ਕਪੂਰਥਲਾ, 17 ਜੁਲਾਈ (ਸਡਾਨਾ)- ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਡਾ. ਅਮਰੀਕ ਸਿੰਘ ਚੌਥੀ ਵਾਰ ਇਟਲੀ ਵਿਖੇ ਹੋ ਰਹੇ ਯੂਰਪੀਅਨ ਕਬੱਡੀ ਨੈਸ਼ਨਲ ਸਟਾਈਲ ਵਿਚ ਚੀਫ਼ ਟੈਕਨੀਕਲ ਆਫੀਸ਼ੀਅਲ ਨਿਯੁਕਤ ਹੋਏ ਹਨ | ਇਟਲੀ ਦੇ ਬੈਰਗਾਮ ਵਿਖੇ 19 ਤੇ 20 ਜੁਲਾਈ ਨੂੰ ਹੋ ਰਹੇ ਕਬੱਡੀ ਮੁਕਾਬਲਿਆਂ ਦੌਰਾਨ ਡਾ. ਅਮਰੀਕ ਸਿੰਘ ਆਪਣੀਆਂ ਸੇਵਾਵਾਂ ਦੇਣਗੇ | ਉਨ੍ਹਾਂ ਦੀ ਇਸ ਨਿਯੁਕਤੀ 'ਤੇ ਕਾਲਜ ਦੀ ਮੈਨੇਜਮੈਂਟ ਕਮੇਟੀ ਤੇ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਵਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ | ਪਿ੍ੰਸੀਪਲ ਢਿੱਲੋਂ ਨੇ ਦੱਸਿਆ ਕਿ ਪ੍ਰੋ. ਅਮਰੀਕ ਸਿੰਘ ਬੀਤੇ ਮਾਰਚ ਮਹੀਨੇ ਵਰਲਡ ਕਬੱਡੀ ਚੈਂਪੀਅਨਸ਼ਿਪ ਵਿਚ ਵੀ ਬਤੌਰ ਟੈਕਨੀਕਲ ਆਫੀਸ਼ੀਅਲ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਕੇ ਆਏ ਹਨ, ਜੋ ਕਿ ਇੰਗਲੈਂਡ ਦੀ ਧਰਤੀ 'ਤੇ ਹੋਈ ਸੀ | ਇਸੇ ਤਰ੍ਹਾਂ ਉਹ ਵੱਖ-ਵੱਖ ਮੁਲਕਾਂ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਮਾਂ ਖੇਡ ਕਬੱਡੀ ਦੀ ਸੇਵਾ ਕਰ ਰਹੇ ਹਨ | ਡਾ. ਅਮਰੀਕ ਸਿੰਘ ਦੀ ਨਿਯੁਕਤੀ 'ਤੇ ਖੇਡ ਪ੍ਰੇਮੀਆਂ ਵਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ |