ਸੁਲਤਾਨਪੁਰ ਲੋਧੀ, 17 ਜੁਲਾਈ (ਨਰੇਸ਼ ਹੈਪੀ)- ਬਿ੍ਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਵਿਚ ਸਾਲ 2025-26 ਲਈ ਵਿਦਿਆਰਥੀ ਪ੍ਰੀਸ਼ਦ ਦੇ ਗਠਨ ਲਈ ਇੱਕ ਬਹੁਤ ਹੀ ਸ਼ਾਨਦਾਰ ਤੇ ਰਸਮੀ ਸਮਾਰੋਹ ਕਰਵਾਇਆ ਗਿਆ | ਇਸ ਮਹੱਤਵਪੂਰਨ ਮੌਕੇ 'ਤੇ ਸਕੂਲ ਦੇ ਚਾਰ ਪ੍ਰਤਿਸ਼ਠਿਤ ਹਾਊਸ-ਮੈਨਚੈਸਟਰ, ਲਾਰਡਜ਼, ਰੋਇਲ ਗੋਲਫ ਤੇ ਵਿੰਬਲਡਨ ਦੇ ਵਿਦਿਆਰਥੀ ਪ੍ਰਤੀਨਿਧੀਆਂ ਤੇ ਪੂਰੇ ਸਕੂਲ ਦੇ ਵਿਦਿਆਰਥੀ, ਮਾਪੇ ਅਤੇ ਅਧਿਆਪਕ ਵੱਡੇ ਉਤਸ਼ਾਹ ਨਾਲ ਹਾਜ਼ਰ ਹੋਏ | ਸਮਾਰੋਹ ਦੇ ਮੁੱਖ ਮਹਿਮਾਨ ਚੇਅਰਮੈਨ ਸ਼ਿੰਦਰਪਾਲ ਸਿੰਘ ਸਨ ਜਿਨ੍ਹਾਂ ਦਾ ਸਾਰੇ ਹਾਊਸਾਂ ਹੈੱਡ ਮਾਸਟਰ ਤੇ ਹੈੱਡ ਮਿਸਟ੍ਰਸ ਨੇ ਆਦਰ ਨਾਲ ਸੁਆਗਤ ਕੀਤਾ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਸੁਨੀਤਾ ਸਭਰਵਾਲ ਨੇ ਵੀ ਆਪਣੀ ਹਾਜ਼ਰੀ ਨਾਲ ਇਸ ਮੌਕੇ ਦੀ ਖ਼ੁਸ਼ੀ 'ਚ ਵਾਧਾ ਕੀਤਾ | ਇਸ ਤੋਂ ਬਾਅਦ ਵਿਦਿਆਰਥੀ ਪ੍ਰੀਸ਼ਦ ਦੇ ਸਾਰੇ ਮੈਂਬਰਾਂ ਦੀ ਸ਼ਾਨਦਾਰ ਪਰੇਡ ਕਰਵਾਈ ਗਈ ਜਿਸ ਵਿਚ ਹਰ ਮੈਂਬਰ ਨੇ ਅਨੁਸ਼ਾਸਨ, ਆਤਮਵਿਸ਼ਵਾਸ ਤੇ ਅਗਵਾਈ ਕੌਸ਼ਲ ਦਾ ਪ੍ਰਚਾਰ ਕੀਤਾ | ਸਮਾਗਮ ਦਾ ਮੁੱਖ ਆਕਰਸ਼ਣ ਸਾਰੇ ਹਾਊਸਾਂ ਦੇ ਹੈੱਡ ਮਾਸਟਰ ਤੇ ਹੈੱਡ ਮਾਸਟਰੈਸ, ਕੈਪਟਨ, ਵਾਈਸ ਕੈਪਟਨ, ਪ੍ਰੀਫੈਕਟ, ਵਾਈਸ ਪ੍ਰੀਫੈਕਟ ਤੇ ਸਪੋਰਟਸ ਕੈਪਟਨ ਨੂੰ ਸਨਮਾਨਿਤ ਕਰਨਾ ਸੀ | ਸਨਮਾਨ ਸਮਾਰੋਹ ਵਿਚ ਚੇਅਰਮੈਨ ਸ਼ਿੰਦਰ ਪਾਲ ਸਿੰਘ ਤੇ ਪਿ੍ੰਸੀਪਲ ਸ੍ਰੀਮਤੀ ਸੁਨੀਤਾ ਸਭਰਵਾਲ ਨੇ ਉਨ੍ਹਾਂ ਨੂੰ ਬੈਜ ਤੇ ਸੈਸ਼ ਪਹਿਨਾ ਕੇ ਉਨ੍ਹਾਂ ਦੇ ਫਰਜ਼ਾਂ ਤੇ ਜ਼ਿੰਮੇਵਾਰੀਆਂ ਦੀ ਮਹੱਤਤਾ ਸਮਝਾਈ | ਪਿ੍ੰਸੀਪਲ ਨੇ ਨਵੇਂ ਹੈੱਡ ਬੁਆਏ ਗੁਰਕਰਨ ਵੀਰ ਸਿੰਘ, ਹੈੱਡ ਗਰਲ ਗੁਰਲੀਨ ਕੌਰ, ਡਿਪਟੀ ਹੈੱਡ ਬੁਆਏ ਫ਼ਤਿਹ ਸਿੰਘ ਤੇ ਡਿਪਟੀ ਹੈੱਡ ਗਰਲ ਦਿਵਸਰੀਤ ਕੌਰ ਦੇ ਨਾਵਾਂ ਦੀ ਘੋਸ਼ਣਾ ਕੀਤੀ | ਚੇਅਰਮੈਨ ਸ਼ਿੰਦਰਪਾਲ ਸਿੰਘ ਨੇ ਸਕੂਲ ਦਾ ਝੰਡਾ ਹੈੱਡ ਬੁਆਏ ਗੁਰਕਰਨ ਵੀਰ ਸਿੰਘ ਨੂੰ ਸੌਂਪਿਆ | ਪਿ੍ੰਸੀਪਲ ਸ੍ਰੀਮਤੀ ਸੁਨੀਤਾ ਸਭਰਵਾਲ ਨੇ ਨਵੇਂ ਚੁਣੇ ਹੋਏ ਵਿਦਿਆਰਥੀ ਪ੍ਰੀਸ਼ਦ ਮੈਂਬਰਾਂ ਨੂੰ ਆਪਣੇ ਪ੍ਰੇਰਕ ਸੰਦੇਸ਼ਾਂ ਰਾਹੀਂ ਅਗਵਾਈ ਦੇ ਆਦਰਸ਼ ਮੂਲ-ਨਿਸ਼ਠਾ, ਅਨੁਸ਼ਾਸਨ, ਸੇਵਾ ਤੇ ਆਤਮ-ਸਮਰਪਣ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰਬੰਧਕ ਨਿਰਦੇਸ਼ਕ ਅਰਸ਼ਦੀਪ ਸਿੰਘ ਨੇ ਨਵੇਂ ਚੁਣੇ ਗਏ ਵਿਦਿਆਰਥੀ ਪ੍ਰੀਸ਼ਦ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ |