11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਭਾਈ ਮਹਾਰਾਜ ਸਿੰਘ ਦੇ ਆਦਮਕੱਦ ਬੁੱਤ ਕੋਲ ਲਗਾਏ ਨੀਂਹ ਪੱਥਰ ਗ਼ਾਇਬ

ਅਜੀਤ ਡੈਸਕ 18-07-2025
ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਕੌਂਸਲਰ ਜੱਸਾ ਰੋੜੀਆਂ ਨੇ ਲਗਾਏ ਗੰਭੀਰ ਦੋਸ਼
ਮਲੌਦ, 17 ਜੁਲਾਈ (ਸਹਾਰਨ ਮਾਜਰਾ)-ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਸ਼ੁਰੂ ਕਰਨ ਵਾਲੇ ਜੰਗ ਏ ਆਜ਼ਾਦੀ ਮੁੱਢਲੇ ਘੁਲਾਟੀਏ ਪਹਿਲੇ ਸੁਤੰਤਰਤਾ ਸੰਗਰਾਮੀ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਆਦਮ ਕੱਦ ਬੁੱਤ 2021 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਉਨ੍ਹਾਂ ਦੇ ਜਨਮ ਅਸਥਾਨ ਪਿੰਡ ਰੱਬੋਂ ਉੱਚੀ (ਮਲੌਦ) ਵਿਖੇ ਸਥਾਪਿਤ ਕੀਤੇ ਗਏ ਸਨ | ਜਿਨ੍ਹਾਂ ਦਾ ਉਦਘਾਟਨ ਦਸੰਬਰ 2021 ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਵਲੋਂ ਕੀਤਾ ਗਿਆ ਸੀ | ਪ੍ਰੰਤੂ ਬੀਤੇ ਕੱਲ੍ਹ ਕੁੱਝ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਇਸ ਥਾਂ 'ਤੇ ਲਗਾਇਆ ਹੋਇਆ ਨੀਂਹ ਪੱਥਰ ਹੀ ਗ਼ਾਇਬ ਕਰ ਦਿੱਤਾ ਗਿਆ ਹੈ | ਗੌਰਤਲਬ ਹੈ ਕਿ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਦਾ ਜਨਮ 13 ਜਨਵਰੀ 1780 ਨੂੰ ਰੱਬੋਂ ਉੱਚੀ (ਮਲੌਦ) ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਸੀ | ਉਨ੍ਹਾਂ ਨੇ 12 ਸਾਲ ਦਾ ਲੰਮਾ ਸਮਾਂ ਸੰਘਰਸ਼ ਕਰਦਿਆਂ ਅਨੇਕਾਂ ਤਸੀਹੇ ਝੱਲਦਿਆਂ 5 ਜੁਲਾਈ 1856 ਨੂੰ ਸਿੰਘਾਪੁਰ ਵਿਖੇ ਸ਼ਹਾਦਤ ਦਾ ਜਾਮ ਪੀਤਾ ਸੀ | ਭਾਈ ਮਹਾਰਾਜ ਸਿੰਘ ਜੀ ਦੀ ਯਾਦਗਾਰ 'ਤੇ ਗ਼ਾਇਬ ਹੋਏ ਨੀਂਹ ਪੱਥਰ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ ਅਤੇ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੂੰ ਅਸਲੀਅਤ ਸਾਹਮਣੇ ਲਿਆਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸ਼ਹੀਦਾਂ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਦੇ ਯਤਨ ਕਰ ਰਹੇ ਹਨ ਉਨ੍ਹਾਂ ਨਾਲ ਸਿੱਧੇ ਤੌਰ 'ਤੇ ਨਜਿੱਠਿਆ ਜਾਵੇਗਾ | ਸਾਬਕਾ ਵਿਧਾਇਕ ਲਖਵੀਰ ਲੱਖਾ, ਕੌਂਸਲਰ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ, ਸਰਪੰਚ ਰਣਯੋਧ ਸਿੰਘ, ਮਨਪ੍ਰੀਤ ਸਿੰਘ, ਜਸਵੰਤ ਸਿੰਘ ਰਬੋਂ, ਪਰਮਜੀਤ ਸਿੰਘ ਪੰਮੀ, ਅਮਰਜੀਤ ਸਿੰਘ, ਅਕਾਸ਼ਦੀਪ ਸਿੰਘ, ਹੁਸਨਦੀਪ ਸਿੰਘ, ਹਰਮਨ ਸਿੰਘ, ਹਰੀ ਸਿੰਘ, ਪਰਮਜੀਤ ਸਿੰਘ ਪੰਚ, ਕਰਮ ਸਿੰਘ, ਰਾਜ ਸਿੰਘ ਆਦਿ ਆਗੂਆਂ ਨੇ ਦੋਸ਼ ਲਗਾਇਆ ਕਿ ਇਸ ਤੋਂ ਪਹਿਲਾਂ ਵੀ ਪਾਇਲ ਹਲਕੇ ਵਿਚ ਕਾਂਗਰਸ ਵਲੋਂ ਲਗਾਏ ਤਕਰੀਬਨ 20-25 ਨੀਂਹ ਪੱਥਰਾਂ ਦੀ ਭੰਨਤੋੜ ਕੀਤੀ ਗਈ ਹੈ | ਉਨ੍ਹਾਂ ਮੰਗ ਕੀਤੀ ਹੈ ਪੁਲਿਸ ਪ੍ਰਸ਼ਾਸਨ ਜਲਦ ਤੋਂ ਜਲਦ ਜਾਂਚ ਕਰਕੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਤਾਂ ਜੋ ਅਜਿਹੀ ਘਟਨਾ ਦੋਬਾਰਾ ਨਾ ਵਾਪਰੇ |
• ਪ੍ਰਬੰਧਕ ਕਮੇਟੀ ਵਲੋਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ- ਸ਼ਹੀਦ ਬਾਬਾ ਮਹਾਰਾਜ ਸਿੰਘ ਯਾਦਗਾਰੀ ਕਮੇਟੀ, ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਪਿੰਡ ਰੱਬੋਂ ਉੱਚੀ ਵਲੋਂ ਸਾਂਝੇ ਤੌਰ 'ਤੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ | ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਿਆਰਾ ਸਿੰਘ, ਸਾਬਕਾ ਸਰਪੰਚ ਇੰਦਰ ਸਿੰਘ ਰੱਬੋਂ, ਸਿੰਦਰਪਾਲ ਸਿੰਘ, ਭਾਈ ਦਰਸ਼ਨ ਸਿੰਘ ਨਿਸ਼ਕਾਮ ਕੀਰਤਨੀ ਜੱਥਾ, ਪਰਮਿੰਦਰ ਸਿੰਘ, ਕਰਮਜੀਤ ਸਿੰਘ ਮਾਨ, ਸੈਕਟਰੀ ਦਰਸ਼ਨ ਸਿੰਘ, ਸੁਰਜੀਤ ਸਿੰਘ, ਜਗਜੀਤ ਸਿੰਘ, ਜਗਦੀਸ਼ ਸਿੰਘ, ਤਰਸੇਮ ਸਿੰਘ ਆਦਿ ਸਮੂਹ ਪ੍ਰਬੰਧ ਕਮੇਟੀ ਮੈਂਬਰਾਂ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਸਮੁੱਚੀ ਸੰਗਤ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਘਟਨਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ |

ਪਿਛਲੀ ਖ਼ਬਰ ਬਿ੍ਟਿਸ਼ ਵਿਕਟੋਰੀਆ ਸਕੂਲ 'ਚ ਵਿਦਿਆਰਥੀ ਪ੍ਰੀਸ਼ਦ ਦਾ ਗਠਨ ਸਮਾਰੋਹ ਕਰਵਾਇਆ ਅਗਲੀ ਖ਼ਬਰ ਗੁ. ਸ੍ਰੀ ਦਮਦਮਾ ਸਾਹਿਬ ਘੁਡਾਣੀ ਕਲਾਂ ਵਿਖੇ ਸਿੱਖ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਹੋਇਆ ਇਕੱਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।