12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਡੌਂਕਰਾਂ ਤੋਂ ਬਚ ਕੇ ਘਰ ਪਰਤਿਆ ਨੌਜਵਾਨ

ਅਜੀਤ ਡੈਸਕ 18-07-2025
ਸੁਲਤਾਨਪੁਰ ਲੋਧੀ, 17 ਜੁਲਾਈ (ਨਰੇਸ਼ ਹੈਪੀ, ਥਿੰਦ)- ਕੋਲੰਬੀਆ ਵਿਚੋਂ ਜਾਨ ਬਚਾਅ ਕੇ ਆਏ ਨੌਜਵਾਨ ਨੇ ਰੌਂਗਟੇ ਖੜੇ ਕਰਨ ਵਾਲੀਆਂ ਘਟਨਾਵਾਂ ਦੱਸਦਿਆਂ ਕਿਹਾ ਕਿ ਕਿਵੇਂ ਮੌਤ ਨੇ ਉਸਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਿਆ ਸੀ | ਇਸ ਨੌਜਵਾਨ ਨੇ ਦੱਸਿਆ ਕਿ ਜਦੋਂ ਉਸਦੇ ਸਾਥੀਆਂ ਨੂੰ ਡੌਂਕਰਾਂ ਨੇ ਅੱਤ ਤਸੀਹੇ ਦਿੱਤੇ ਸਨ ਤਾਂ ਉਸ ਨੂੰ ਵੀ ਨਾਲ ਦੇ ਕਮਰੇ ਵਿਚ ਆਪਣੀ ਮੌਤ ਨਜ਼ਰ ਆਉਣ ਲੱਗ ਪਈ ਸੀ | ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਸਾਥੀਆਂ ਦੇ ਮੂੰਹ ਬੰਨ੍ਹ ਕਿ ਉਨ੍ਹਾਂ ਨੂੰ ਤਸੀਹੇ ਦਿੱਤੇ ਜਾ ਰਹੇ ਸਨ, ਇੱਕ ਨੌਜਵਾਨ ਦੇ ਸਰੀਰ 'ਤੇ ਬਲੇਡ ਮਾਰੇ ਜਾ ਰਹੇ ਸਨ ਤੇ ਉਸਦਾ ਸਰੀਰ ਪੂਰੀ ਤਰ੍ਹਾਂ ਨਾਲ ਲਹੂ ਲੁਹਾਨ ਹੋਇਆ ਪਿਆ ਸੀ | ਇਸੇ ਤਰ੍ਹਾਂ ਇੱਕ ਹੋਰ ਨੌਜਵਾਨ ਨੂੰ ਨਗਨ ਕਰਕੇ ਉਸ ਉੱਪਰ ਪਲਾਸਟਿਕ ਦੀ ਬੋਤਲ ਨੂੰ ਮੋਮਬੱਤੀ ਨਾਲ ਪਿਘਲਾ ਕਿ ਉਸ ਉੱਪਰ ਸੁੱਟੀ ਜਾ ਰਹੀ ਸੀ ਤੇ ਨਾਲ ਹੀ ਗਰਮ ਰਾਡ ਉਸਦੇ ਸਰੀਰ 'ਤੇ ਲਾਈ ਜਾ ਰਹੀ ਸੀ | ਇਹਨਾਂ ਡੌਂਕਰਾਂ ਨੇ ਨੌਜਵਾਨਾਂ ਨੂੰ ਤਸੀਹੇ ਦੇਣ ਵਾਲੀਆਂ ਅੱਤ ਘਿਣਾਉਣੀਆਂ ਵੀਡੀਓਜ਼ ਵੀ ਬਣਾਈਆਂ ਸਨ ਤਾਂ ਜੋ ਇਹਨਾਂ ਨੌਜਵਾਨਾਂ ਦੇ ਮਾਪਿਆਂ ਤੋਂ ਪੈਸੇ ਵਸੂਲੇ ਜਾ ਸਕਣ | ਜਦੋਂ ਇੱਕ ਡੌਂਕਰ ਨੇ ਉਸ ਦੀ ਇਹ ਕਹਿ ਰਾਤ ਨੀਂਦ ਉਡਾ ਦਿੱਤੀ ਕਿ ਉਸ ਨੂੰ ਸਵੇਰੇ ਸੂਰਜ ਚੜ੍ਹਦਿਆਂ ਹੀ ਗੋਲੀ ਮਾਰ ਦੇਣੀ ਹੈ ਤਾਂ ਉਹ ਪੂਰੀ ਤਰ੍ਹਾਂ ਨਾਲ ਡਰ ਗਿਆ ਸੀ | ਕਪੂਰਥਲਾ ਜ਼ਿਲੇ੍ਹ ਦੇ ਬਾਜ਼ਾ ਪਿੰਡ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਅੱਜ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ 'ਚ ਪਰਿਵਾਰ ਸਮੇਤ ਨਤਮਸਤਕ ਹੋਇਆ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਹਾਜ਼ਰੀ 'ਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਡੌਂਕਰਾਂ ਨੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਸੀ ਤਾਂ ਉਸਨੂੰ ਲੱਗਾ ਕਿ ਮਰਨਾ ਤਾਂ ਹੈ ਹੀ ਹੈ, ਕਿਉਂ ਨਾ ਮਰਨ ਤੋਂ ਪਹਿਲਾਂ ਇੱਕ ਵਾਰ ਬਚਣ ਦੀ ਕੋਸ਼ਿਸ਼ ਕੀਤੀ ਜਾਵੇ | ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਇਹ ਕੋਸ਼ਿਸ਼ ਉਸ ਵੇਲੇ ਸਫਲ ਹੋਈ ਜਦੋਂ ਉਹ ਜੰਗਲ ਵਿਚ ਦੀ ਦੌੜਦਾ ਹੋਇਆ ਇੱਕ ਮੁੱਖ ਮਾਰਗ 'ਤੇ ਪਹੁੰਚ ਗਿਆ ਤੇ ਉੱਥੋਂ ਇੱਕ ਮੋਟਰ ਸਾਈਕਲ ਸਵਾਰ ਨੇ ਉਸ ਦੀ ਸੁਰੱਖਿਅਤ ਥਾਂ 'ਤੇ ਪਹੁੰਚਣ ਵਿਚ ਮਦਦ ਕੀਤੀ | ਨਿਰਮਲ ਕੁਟੀਆ ਪਹੁੰਚੇ ਬਲਵਿੰਦਰ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਏਜੰਟਾਂ ਨੇ ਉਸ ਨੂੰ ਕੋਲੰਬੀਆ ਦੇ ਜੰਗਲਾਂ ਵਿਚ ਡੌਂਕਰਾਂ ਹਵਾਲੇ ਕਰ ਦਿੱਤਾ ਗਿਆ ਜਿੱਥੇ ਪਹੁੰਚਦੇ ਸਾਰ ਹੀ ਉਸਦਾ ਪਾਸਪੋਰਟ ਤੇ ਫ਼ੋਨ ਆਦਿ ਖੋਹ ਕੇ ਇੱਕ ਕਮਰੇ ਵਿਚ ਬੰਦ ਕਰ ਦਿੱਤਾ ਗਿਆ | ਉਸਨੇ ਦੱਸਿਆ ਕਿ ਜਿੱਥੇ ਉਸ ਨੂੰ ਬੰਦੀ ਬਣਾਇਆ ਗਿਆ ਸੀ, ਉੱਥੇ ਪੰਜਾਬ, ਹਰਿਆਣਾ ਸਮੇਤ ਹੋਰ ਦੇਸ਼ਾਂ ਤੋਂ ਵੀ ਨੌਜਵਾਨਾਂ ਨੂੰ ਗਰੁੱਪ ਬਣਾ ਕੇ ਕਮਰਿਆਂ ਵਿਚ ਬੰਦੀ ਬਣਾਇਆ ਹੋਇਆ ਸੀ | ਬਲਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਜਿਹੜੇ ਜੰਗਲ ਵਿਚ ਉਹ ਰਹਿ ਰਹੇ ਸਨ ਨੇੜੇ ਹੀ ਨੇਪਾਲ ਦੀਆਂ ਕੁੜੀਆਂ ਨੂੰ ਵੀ ਬੰਦੀ ਬਣਾ ਕਿ ਰੱਖਿਆ ਸੀ | ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਡੌਂਕਰਾਂ ਕੋਲੋਂ ਦੌੜ ਕੇ ਉਹ ਸੁਰੱਖਿਅਤ ਥਾਂ 'ਤੇ ਪਹੁੰਚਿਆ ਤਾਂ ਉਸਨੇ 5 ਮਹੀਨਿਆਂ ਬਾਅਦ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਨੂੰ ਆਪਣੀ ਹੱਡਬੀਤੀ ਸੁਣਾਈ | ਇਸੇ ਦੌਰਾਨ ਬਲਵਿੰਦਰ ਦੀ ਮਾਤਾ ਤੇ ਭੈਣ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫ਼ਤਰ ਵਿਚ ਪਹੁੰਚ ਕੀਤੀ | ਉਨ੍ਹਾਂ ਦਿਨਾਂ ਦੌਰਾਨ ਸੰਤ ਸੀਚੇਵਾਲ ਕੈਨੇਡਾ ਵਿਚ ਸਨ ਤਾਂ ਵੀ ਉਨ੍ਹਾਂ ਤੁਰੰਤ ਉੱਥੋਂ ਹੀ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਤੇ ਬਲਵਿੰਦਰ ਸਿੰਘ ਦੀ ਸੁਰੱਖਿਅਤ ਘਰ ਵਾਪਸੀ ਲਈ ਲੋੜੀਂਦੇ ਕਦਮ ਚੁੱਕਣ ਲਈ ਕਿਹਾ |
ਪਿਛਲੀ ਖ਼ਬਰ 31 ਜੁਲਾਈ ਤੋਂ ਪਹਿਲਾਂ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ 'ਤੇ ਪ੍ਰਾਪਰਟੀ ਹੋਵੇਗੀ ਸੀਲ- ਈ.ਓ. ਵੜੈਚ ਅਗਲੀ ਖ਼ਬਰ ਰੇਲਵੇ ਮੁਲਾਜ਼ਮ ਭਾਰਤੀ ਰੇਲਵੇ ਦੇ ਨਿੱਜੀਕਰਨ ਨੂੰ ਬਰਦਾਸ਼ਤ ਨਹੀਂ ਕਰਨਗੇ-ਅਖਿਲੇਸ਼ ਪਾਂਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।