01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਪਿਛਲੇ ਦੋ ਸਾਲਾ ਤੋਂ ਬੰਦ ਪਿਆ ਫਗਵਾੜਾ ਦਾ ਬਲੱਡ ਬੈਂਕ ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਕੀਤੇ ਯਤਨਾਂ ਮਗਰੋਂ ਹੋਇਆ ਸ਼ੁਰੂ

ਅਜੀਤ ਡੈਸਕ 17-07-2025

ਫਗਵਾੜਾ, 16 ਜੁਲਾਈ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਸਿਵਲ ਹਸਪਤਾਲ 'ਚ ਲੰਬੇ ਸਮੇਂ ਤੋਂ ਬੰਦ ਪਿਆ ਬਲੱਡ ਬੈਂਕ ਹੁਣ ਕਰੀਬ ਦੋ ਸਾਲਾ ਮਗਰੋਂ ਸ਼ੁਰੂ ਹੋ ਗਿਆ ਹੈ ਜਿਸ ਨਾਲ ਹੁਣ ਬਾਹਰਲੇ ਸ਼ਹਿਰਾਂ ਤੇ ਪ੍ਰਾਈਵੇਟ ਬੈਂਕਾਂ 'ਚ ਜਾਣ ਤੋਂ ਮਰੀਜ਼ਾਂ ਨੂੰ ਰਾਹਤ ਮਿਲੇਗੀ ਤੇ ਉਨ੍ਹਾਂ ਨੂੰ ਇੱਥੇ ਹੀ ਖ਼ੂਨ ਮੁਹੱਈਆ ਹੋਵੇਗਾ | ਇਸ ਬੈਂਕ ਨੂੰ ਚਾਲੂ ਕਰਵਾਉਣ ਲਈ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ | ਇਹ ਬਲੱਡ ਬੈਂਕ 28 ਅਗਸਤ, 2023 'ਚ ਕਈ ਕਮੀਆਂ ਕਾਰਨ ਫੂਡ ਐਂਡ ਡਰੱਗ ਅਥਾਰਿਟੀ ਵਲੋਂ ਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਵੱਖ-ਵੱਖ ਵਿਭਾਗ ਦੀਆਂ ਟੀਮਾਂ ਵਲੋਂ ਇਸ ਦਾ ਦੌਰਾ ਕੀਤਾ ਗਿਆ ਤੇ ਇਸ ਨੂੰ ਚਾਲੂ ਕਰਨ ਲਈ ਖ਼ਾਮੀਆਂ ਨੂੰ ਦੂਰ ਕਰਨ ਦੀਆਂ ਹਦਾਇਤਾਂ ਕੀਤੀਆਂ ਤੇ ਵਿਭਾਗ ਵਲੋਂ ਕਈ ਵਾਰ ਇਸ 'ਚ ਖ਼ਾਮੀਆਂ ਨੂੰ ਦੂਰ ਕਰਨ ਦੇ ਯਤਨ ਕੀਤੇ ਗਏ ਸਨ ਜਿਸ ਨਾਲ ਲੋਕ ਕਾਫ਼ੀ ਪ੍ਰੇਸ਼ਾਨ ਸਨ | ਫਗਵਾੜਾ ਦਾ ਸਿਵਲ ਹਸਪਤਾਲ 140 ਬੈੱਡਾਂ ਦਾ ਹਸਪਤਾਲ ਹੈ | ਸ਼ਹਿਰ ਜੀ.ਟੀ. ਰੋਡ 'ਤੇ ਹੋਣ ਕਾਰਨ ਇੱਥੇ ਅਕਸਰ ਹੀ ਸੜਕੀ ਹਾਦਸਿਆਂ ਦੇ ਕੇਸ ਆਉਂਦੇ ਹਨ ਤੇ ਗਾਇਨੀ ਵਿਭਾਗ 'ਚ ਮਰੀਜ਼ਾਂ ਨੂੰ ਖ਼ੂਨ ਦੀ ਜ਼ਰੂਰੀ ਰਹਿੰਦੀ ਹੈ ਪਰ ਡਾਕਟਰਾਂ ਵਲੋਂ ਮਰੀਜ਼ਾਂ ਦਾ ਇਲਾਜ ਕਰਨ ਲਈ ਇਹ ਵੀ ਵੱਡੀ ਸਮੱਸਿਆ ਸੀ ਕਿਉਂਕਿ ਖ਼ੂਨ ਲੈਣ ਲਈ ਬਾਹਰੇ ਸ਼ਹਿਰਾਂ ਦੀਆਂ ਬਲੱਡ ਬੈਂਕਾਂ ਜਾਂ ਪ੍ਰਾਈਵੇਟ ਬੈਂਕਾਂ 'ਚ ਜਾਣਾ ਪੈਂਦਾ ਸੀ ਜਿਸ ਕਾਰਨ ਮਰੀਜ਼ਾਂ ਦੀ ਕਾਫ਼ੀ ਖੱਜਲ ਖ਼ੁਆਰੀ ਹੁੰਦੀ ਸੀ ਤੇ ਕਈ ਵਾਰ ਸਮੇਂ ਸਿਰ ਖ਼ੂਨ ਨਹੀਂ ਮਿਲ ਪਾਉਂਦਾ ਸੀ | ਇਸ ਸੰਬੰਧੀ ਹਿੰਦੋਸਤਾਨ ਵੈੱਲਫੇਅਰ ਬਲੱਡ ਡੋਨਰਜ਼ ਸੰਸਥਾ ਵਲੋਂ ਡਾ. ਰਾਜ ਕੁਮਾਰ ਚੱਬੇਵਾਲ ਨੂੰ ਮੰਗ ਪੱਤਰ ਦੇ ਕੇ ਇਸ ਨੂੰ ਚਾਲੂ ਕਰਵਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਡਾ. ਚੱਬੇਵਾਲ ਨੇ ਸਿਹਤ ਮੰਤਰੀ ਨੂੰ ਇਸ ਮਾਮਲੇ ਦਾ ਹੱਲ ਕਰਵਾਉਣ ਦੀ ਮੰਗ ਰੱਖੀ ਗਈ ਸੀ ਤੇ ਉਨ੍ਹਾਂ ਵਲੋਂ ਇਸ ਸੰਬੰਧੀ ਕੀਤੇ ਯਤਨ ਪੂਰੀ ਤਰ੍ਹਾਂ ਸਫ਼ਲ ਹੋ ਗਏ | ਸੰਪਰਕ ਕਰਨ 'ਤੇ ਐਸ.ਐਮ.ਓ. ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਸਿਵਲ ਹਸਪਤਾਲ, ਈ.ਐਸ.ਆਈ., ਸਟੇਟ ਇੰਨਸ਼ੋਰੈਂਸ ਕਾਰਡ ਧਾਰਕਾਂ ਨੂੰ ਇੱਥੋਂ ਮੁਫ਼ਤ ਬਲੱਡ ਮਿਲੇਗਾ ਤੇ ਬਾਹਰੋਂ ਆਉਣ ਵਾਲੇ ਮਰੀਜ਼ਾਂ ਨੂੰ ਇੱਕ ਹਜ਼ਾਰ ਰੁਪਏ ਦੇਣਗੇ ਪੈਣਗੇ | ਉਨ੍ਹਾਂ ਕਿਹਾ ਕਿ ਇਸ ਵੇਲੇ 30 ਯੂਨਿਟ ਮੌਜੂਦ ਹਨ ਤੇ ਇਸ 'ਚ ਵਾਧਾ ਕੀਤੇ ਜਾਣ ਲਈ ਜਲਦੀ ਹੀ ਕੈਂਪ ਲਗਾਏ ਜਾਣਗੇ | ਬਲੱਡ ਡੋਨਰਜ਼ ਸੰਸਥਾ ਦੇ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ, ਵੀਤਿਨ ਪੁਰੀ, ਵਿਕਰਮ ਗੁਪਤਾ, ਹਰਜਿੰਦਰ ਗੋਗਨਾ, ਨਰੇਸ਼ ਕੋਹਲੀ, ਪ੍ਰੇਮ ਗੁਪਤਾ ਨੇ ਚੱਬੇਵਾਲ ਵਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਸੰਸਥਾ ਦਾ ਵਫ਼ਦ ਉਨ੍ਹਾਂ ਨਾਲ ਮੁਲਾਕਾਤ ਕਰੇਗਾ ਤੇ ਹਸਪਤਾਲ 'ਚ ਹੋਰ ਘਾਟਾ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ |

ਪਿਛਲੀ ਖ਼ਬਰ 800 ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕੀਤੇ ਜਾ ਰਹੇ ਹਰੇਕ ਸੰਘਰਸ਼ 'ਚ ਵੱਧ-ਚੜ੍ਹ ਕੇ ਯੋਗਦਾਨ ਪਾਵਾਂਗਾ- ਕੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।