ਕਪੂਰਥਲਾ, 16 ਜੁਲਾਈ (ਵਿ.ਪ੍ਰ.)- ਸੈਨਿਕ ਸਕੂਲ ਕਪੂਰਥਲਾ ਵਿਚ ਚੱਲ ਰਹੀਆਂ ਰਾਸ਼ਟਰੀ ਖੇਡਾਂ ਦੇ ਅੱਜ ਤੀਜੇ ਦਿਨ ਬਾਸਕਟਬਾਲ ਤੇ ਵਾਲੀਬਾਲ ਖੇਡਾਂ ਦੇ ਮੁਕਾਬਲੇ ਹੋਏ | ਇਸ ਮੌਕੇ ਵੱਖ-ਵੱਖ ਟੀਮਾਂ ਦੇ ਸਭਿਆਚਾਰਕ ਵੰਨਗੀਆਂ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਸੈਨਿਕ ਸਕੂਲ ਖਾਖਾਖੇਰੀ ਨੇ ਪਹਿਲਾ, ਜਦਕਿ ਸੈਨਿਕ ਸਕੂਲ ਕਪੂਰਥਲਾ ਤੇ ਸੈਨਿਕ ਸਕੂਲ ਕੁੰਜਪੁਰਾ ਹਰਿਆਣਾ ਨੇ ਦੂਸਰਾ ਸਥਾਨ ਹਾਸਲ ਕੀਤਾ | ਉਪਰੰਤ ਹੋਏ ਸਭਿਆਚਾਰਕ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਉਨ੍ਹਾਂ ਦੀ ਪੇਸ਼ਕਾਰੀ ਨੇ ਏਕਤਾ ਦਾ ਸੰਦੇਸ਼ ਦਿੱਤਾ | ਅੱਜ ਹੋਏ ਸਭਿਆਚਾਰਕ ਮੁਕਾਬਲੇ ਵਿਚ ਸੈਨਿਕ ਸਕੂਲ ਸੁਜਾਨਪੁਰ ਟੀਰਾ ਨੇ ਆਪਣੇ ਪਹਾੜੀ ਸਭਿਆਚਾਰ ਤੇ ਲੋਕ ਗੀਤ, ਪਹਿਰਾਵਾ ਅਤੇ ਲੋਕ ਨਾਚ ਨਾਟੀ ਦੀ ਪੇਸ਼ਕਾਰੀ ਕੀਤੀ ਤੇ ਇਕ ਸਕਿੱਟ ਰਾਹੀਂ ਸਮਾਜ ਵਿਚ ਫੈਲ ਰਹੇ ਨਸ਼ਿਆਂ ਦੇ ਪ੍ਰਭਾਵਾਂ ਅਤੇ ਡਿਗ ਰਹੀਆਂ ਕਦਰਾਂ ਕੀਮਤਾਂ ਸਬੰਧੀ ਚਿੰਤਾ ਦਾ ਪ੍ਰਗਟਾਵਾ ਕੀਤਾ | ਇਸ ਤੋਂ ਬਾਅਦ ਸੈਨਿਕ ਸਕੂਲ ਨਗਰੋਟਾ ਨੇ ਦੇਸ਼ ਭਗਤੀ ਦੇ ਗੀਤ ਨਾਲ ਸ਼ੁਰੂਆਤ ਕੀਤੀ | ਉਨ੍ਹਾਂ ਆਪਣੇ ਨਾਟਕ ਰਾਹੀਂ ਨੌਜਵਾਨਾਂ ਨੂੰ ਆਪਣੀ ਮਰਜ਼ੀ ਅਨੁਸਾਰ ਆਪਣਾ ਭਵਿੱਖ ਚੁਣਨ ਤੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ | ਅੰਤ ਵਿਚ ਸੈਨਿਕ ਸਕੂਲ ਖਾਖਾਖੇਰੀ ਨੇ ਆਪਣੇ ਗੀਤ ਰਾਹੀਂ ਅਨੇਕਤਾ ਵਿਚ ਏਕਤਾ ਦਾ ਸਬੂਤ ਦਿੱਤਾ | ਮੁੱਖ ਮਹਿਮਾਨ ਗਰੁੱਪ ਕੈਪਟਨ ਮਧੂ ਸੇਂਗਰ ਪਿ੍ੰਸੀਪਲ ਸੈਨਿਕ ਸਕੂਲ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸੈਨਿਕ ਸਕੂਲ ਦੇ ਉਪ ਪਿ੍ੰਸੀਪਲ ਕਮਾਂਡਰ ਸੰਦੀਪ ਸਿੰਘ ਵਿਰਕ, ਐਡਮ ਅਫ਼ਸਰ ਲੈਫ਼ਟੀਨੈਂਟ ਕਰਨਲ ਉਮੇਸ਼ ਮੋਲੇ ਤੋਂ ਇਲਾਵਾ ਸਕੂਲ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |