ਕਪੂਰਥਲਾ, 16 ਜੁਲਾਈ (ਸਡਾਨਾ)- ਬੀਤੇ ਦਿਨ ਸਾਹਿਬਜ਼ਾਦਾ ਫ਼ਤਿਹ ਸਿੰਘ ਨਗਰ ਵਿਖੇ ਗਲੀ ਦੇ ਸੀਵਰੇਜ ਤੇ ਖੰਭੇ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਮਾਮਲੇ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀ ਚਲਾਉਣ ਦੀ ਘਟਨਾ ਸਬੰਧੀ ਸਿਟੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਲੋੜੀਂਦੀ ਕਾਰਵਾਈ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਜੋਗਿੰਦਰ ਸਿੰਘ ਵਾਸੀ ਸਾਹਿਬਜ਼ਾਦਾ ਫ਼ਤਿਹ ਸਿੰਘ ਨਗਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਤੋਂ ਅੱਗੇ ਗਲੀ ਦੇ ਅਖੀਰ ਵਿਚ ਕਥਿਤ ਦੋਸ਼ੀ ਵੀਰਕਮਲਜੀਤ ਸਿੰਘ ਦਾ ਘਰ ਹੈ ਤੇ ਕਰੀਬ 6 ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੇ ਘਰ ਦੇ ਸਾਹਮਣੇ ਇਕ ਪਲਾਟ ਖ਼ਰੀਦ ਕੀਤਾ, ਜੋ ਕਿ ਮੇਰੇ ਘਰ ਦੀ ਗਲੀ ਦੇ ਨਾਲ ਲੱਗਦਾ ਹੈ ਤੇ ਕਰੀਬ ਮਹੀਨਾ ਪਹਿਲਾਂ ਇਨ੍ਹਾਂ ਨੇ ਬਿਜਲੀ ਦੇ ਖੰਭੇ 'ਤੇ ਕੈਮਰੇ ਲਗਾ ਦਿੱਤੇ ਤੇ ਉਨ੍ਹਾਂ ਦਾ ਮੰੂਹ ਸਾਡੇ ਘਰ ਵੱਲ ਕਰ ਦਿੱਤਾ, ਜੋ ਕਿ ਸਾਡੀ ਨਿੱਜੀਤਾ ਨੂੰ ਨੁਕਸਾਨ ਪਹੁੰਚਾ ਰਹੇ ਸਨ | ਇਸ ਸੰਬੰਧੀ ਦੋਵਾਂ ਧਿਰਾਂ ਦੀ ਜ਼ੁਬਾਨੀ ਥਾਣਾ ਸਿਟੀ ਵਿਖੇ ਇਹ ਰਾਜ਼ੀਨਾਮਾ ਹੋਇਆ ਕਿ ਕੈਮਰੇ ਉਤਾਰ ਲਏ ਜਾਣਗੇ ਪਰ ਉਕਤ ਵਿਅਕਤੀ ਨੇ ਕੈਮਰੇ ਨਹੀਂ ਉਤਾਰੇ ਤੇ ਬੀਤੇ ਦਿਨ ਜਦੋਂ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਉਨ੍ਹਾਂ ਨੂੰ ਬਾਹਰ ਆ ਕੇ ਕੈਮਰੇ ਉਤਾਰਨ ਲਈ ਕਿਹਾ ਤਾਂ ਉਕਤ ਕਥਿਤ ਦੋਸ਼ੀ ਨੇ ਘਰ ਦੇ ਅੰਦਰੋਂ ਸਾਡੇ ਨਾਲ ਬਹਿਸ ਬਾਜ਼ੀ ਕੀਤੀ ਤੇ ਤੈਸ਼ ਵਿਚ ਆ ਕੇ ਆਪਣੇ ਘਰ ਦੇ ਅੰਦਰੋਂ ਦੋ ਹਵਾਈ ਫਾਇਰ ਕੀਤੇ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਵੀਰਕਮਲਜੀਤ ਸਿੰਘ ਵਿਰੁੱਧ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਹਥਿਆਰ ਕਬਜ਼ੇ ਵਿਚ ਲੈ ਲਏ ਹਨ ਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |