ਕਪੂਰਥਲਾ, 16 ਜੁਲਾਈ (ਸਡਾਨਾ)- ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਵਾਉਣ ਦੇ ਮਨੋਰਥ ਨਾਲ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲਾ ਵਲੋਂ ਵੱਖ-ਵੱਖ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਤੇ ਗ੍ਰੰਥੀ ਸਿੰਘਾਂ ਨਾਲ ਲੜੀਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਬੀਤੇ ਦਿਨ ਸਟੇਟ ਗੁਰਦੁਆਰਾ ਸਾਹਿਬ ਵਿਖੇ 10 ਤੋਂ ਵੱਧ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਤੇ ਗ੍ਰੰਥੀ ਸਿੰਘਾਂ ਨਾਲ ਮੀਟਿੰਗ ਹੋਈ | ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲਾ ਨੇ ਗ੍ਰੰਥੀ ਸਿੰਘਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿਚ ਬਣੀਆਂ ਕਬਰਾਂ, ਮੜੀਆਂ ਆਦਿ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾ ਲੈ ਕੇ ਜਾਣ ਤੇ ਨਾ ਹੀ ਉੱਥੇ ਕੋਈ ਧਾਰਮਿਕ ਸਮਾਗਮ ਕੀਤੇ ਜਾਣ | ਉਨ੍ਹਾਂ ਗ੍ਰੰਥੀ ਸਿੰਘਾਂ ਨੂੰ ਬੇਨਤੀ ਕੀਤੀ ਕਿ ਉਹ ਪਿੰਡਾਂ ਵਿਚ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਵਾਉਣ ਲਈ ਪ੍ਰਚਾਰ ਕਰਨ | ਇਸ ਮੌਕੇ ਹਾਜ਼ਰ ਗ੍ਰੰਥੀ ਸਿੰਘਾਂ ਨੇ ਜਿੱਥੇ ਆਪਣੇ ਵਿਚਾਰ ਸ਼ੋ੍ਰਮਣੀ ਕਮੇਟੀ ਮੈਂਬਰ ਤੇ ਕਰਮਚਾਰੀਆਂ ਨਾਲ ਸਾਂਝੇ ਕੀਤੇ ਉੱਥੇ ਨਾਲ ਹੀ ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਗੱਲਾਂ ਦਾ ਖ਼ਾਸ ਖ਼ਿਆਲ ਰੱਖਣਗੇ | ਇਸ ਮੌਕੇ ਲਖਵਿੰਦਰ ਸਿੰਘ ਦੇਵਲਾਂਵਾਲ, ਗੁਰਪਿੰਦਰ ਸਿੰਘ ਨਾਨਕਪੁਰ, ਜਸਪਾਲ ਸਿੰਘ, ਕੁਲਦੀਪ ਸਿੰਘ, ਮਹਿੰਦਰ ਸਿੰਘ, ਗੁਰਦੀਪ ਸਿੰਘ, ਅਜਮੇਰ ਸਿੰਘ, ਤਲਵਿੰਦਰ ਸਿੰਘ, ਧਰਮ ਸਿੰਘ, ਹਰਵਿੰਦਰ ਸਿੰਘ ਪ੍ਰਚਾਰਕ, ਰਾਜਬੀਰ ਸਿੰਘ ਪ੍ਰਚਾਰਕ, ਬੀਬੀ ਤਰਲੋਚਨ ਕੌਰ ਪ੍ਰਚਾਰਕ, ਮੇਜਰ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਸਟੇਟ ਗੁਰਦੁਆਰਾ ਸਾਹਿਬ ਦੇ ਇੰਚਾਰਜ ਕੁਲਵਿੰਦਰ ਸਿੰਘ, ਭਾਈ ਮੋਹਕਮ ਸਿੰਘ ਆਦਿ ਹਾਜ਼ਰ ਸਨ |