ਕਪੂਰਥਲਾ, 16 ਜੁਲਾਈ (ਅਮਰਜੀਤ ਕੋਮਲ)- ਜ਼ਿਲ੍ਹੇ ਵਿਚ 4 ਸਰਪੰਚਾਂ ਤੇ 63 ਵਾਰਡਾਂ ਵਿਚ ਪੰਚਾਂ ਦੀਆਂ ਖਾਲੀ ਸੀਟਾਂ ਦੀ 27 ਜੁਲਾਈ ਨੂੰ ਹੋਣ ਵਾਲੀ ਚੋਣ ਲਈ ਨਾਮਜ਼ਦਗੀ ਪਰਚੇ ਦਾਖਲ ਕਰਨ ਦੇ ਅੱਜ ਤੀਜੇ ਦਿਨ ਪੰਚ ਦੀ ਚੋਣ ਲੜਨ ਵਾਲੇ 10 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕੀਤੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਰਿੰਦਰਪਾਲ ਸਿੰਘ ਬਾਜਵਾ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਤੇ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਕਪੂਰਥਲਾ ਨੇ ਦੱਸਿਆ ਕਿ ਕਪੂਰਥਲਾ ਬਲਾਕ ਵਿਚ ਪੰਚ ਲਈ 2, ਨਡਾਲਾ ਬਲਾਕ ਵਿਚ ਪੰਚ ਲਈ 2 ਤੇ ਸੁਲਤਾਨਪੁਰ ਲੋਧੀ ਬਲਾਕ ਵਿਚ 6 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕੀਤੇ | ਉਨ੍ਹਾਂ ਕਿਹਾ ਕਿ ਢਿਲਵਾਂ ਤੇ ਫਗਵਾੜਾ ਬਲਾਕਾਂ ਵਿਚ ਕੋਈ ਨਾਮਜ਼ਦਗੀ ਨਹੀਂ ਹੋਈ | ਇਸੇ ਤਰ੍ਹਾਂ 4 ਸਰਪੰਚਾਂ ਦੀ ਚੋਣ ਲਈ ਅਜੇ ਤੱਕ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਨਹੀਂ ਕਰਵਾਏ | ਵਰਿੰਦਰਪਾਲ ਸਿੰਘ ਬਾਜਵਾ ਨੇ ਦੱਸਿਆ ਕਿ 17 ਜੁਲਾਈ ਜੋ ਨਾਮਜ਼ਦਗੀ ਪਰਚੇ ਦਾਖਲ ਕਰਨ ਦਾ ਆਖ਼ਰੀ ਦਿਨ ਹੈ ਤੇ ਇਸ ਦਿਨ ਉਮੀਦਵਾਰ 3 ਵਜੇ ਤੱਕ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰ ਸਕਣਗੇ | ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 18 ਜੁਲਾਈ ਨੂੰ ਉਮੀਦਵਾਰਾਂ ਵਲੋਂ ਦਾਖਲ ਕਰਵਾਏ ਨਾਮਜ਼ਦਗੀ ਪਰਚਿਆਂ ਦੀ ਪੜਤਾਲ ਹੋਵੇਗੀ ਤੇ 19 ਜੁਲਾਈ ਨੂੰ ਚੋਣ ਨਾ ਲੜਨ ਵਾਲੇ ਉਮੀਦਵਾਰ ਆਪਣੇ ਨਾਮਜ਼ਦਗੀ ਪਰਚੇ ਵਾਪਸ ਲੈਣਗੇ ਤੇ 27 ਜੁਲਾਈ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਤੇ ਉਸੇ ਦਿਨ ਹੀ ਸਬੰਧਿਤ ਪੋਿਲੰਗ ਬੂਥ 'ਤੇ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਦਾ ਐਲਾਨ ਕੀਤਾ ਜਾਵੇਗਾ |