ਸੁਲਤਾਨਪੁਰ ਲੋਧੀ, 15 ਜੁਲਾਈ (ਨਰੇਸ਼ ਹੈਪੀ)-ਮਲਟੀ ਸਪੈਸ਼ਲਿਟੀ ਅਮਨਪ੍ਰੀਤ ਹਸਪਤਾਲ ਵੱਲੋਂ ਇੱਕ ਪ੍ਰਵਾਸੀ ਮਜ਼ਦੂਰ ਦਾ ਮੁਫ਼ਤ ਇਲਾਜ ਕਰਕੇ ਨੇਕ ਉਪਰਾਲਾ ਕਰਦਿਆਂ ਨਵੀਂ ਜ਼ਿੰਦਗੀ ਦਿੱਤੀ ਗਈ ਹੈ, ਜੋ ਕਿ ਹੁਣ ਪੂਰੀ ਤਰ੍ਹਾਂ ਨਾਲ ਤੰਦਰੁਸਤ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਰੀਜ਼ ਮੁਕੇਸ਼ ਪਾਸਵਾਨ ਪੁੱਤਰ ਕਾਲੀ ਚਰਨ ਵਾਸੀ ਬਿਹਾਰ ਨੇ ਦੱਸਿਆ ਕਿ ਉਹ ਆਰਥਿਕ ਪੱਖੋਂ ਬਹੁਤ ਕਮਜ਼ੋਰ ਹਨ ਅਤੇ ਉਨ੍ਹਾਂ ਦੀਆਂ ਪੰਜ ਲੜਕੀਆਂ ਤੇ ਇੱਕ ਲੜਕਾ ਹੈ ਤੇ ਘਰ ਵਿਚੋਂ ਮੈਂ ਇਕੱਲਾ ਹੀ ਕਮਾਉਣ ਵਾਲਾ ਹਾਂ | ਉਨ੍ਹਾਂ ਕਿਹਾ ਕਿ ਪਿਛਲੇ ਲਗਾਤਾਰ ਦੋ ਸਾਲਾਂ ਤੋਂ ਮੈਂ ਬਿਮਾਰ ਰਹਿੰਦਾ ਸੀ ਤੇ 5 ਜੁਲਾਈ ਨੂੰ ਮੈਨੂੰ ਬਹੁਤ ਤੇਜ਼ ਬੁਖ਼ਾਰ ਹੋ ਗਿਆ ਤੇ ਮੇਰੇ ਪਰਿਵਾਰਿਕ ਮੈਂਬਰਾਂ ਵੱਲੋਂ ਮੈਨੂੰ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਮੇਰੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆਂ ਮੌਕੇ ਤੇ ਮੌਜੂਦ ਡਾਕਟਰਾਂ ਨੇ ਮੈਨੂੰ ਰੈਫ਼ਰ ਕਰ ਦਿੱਤਾ | ਇਲਾਜ ਮਹਿੰਗਾ ਹੁਣ ਕਰਕੇ ਮੇਰੀ ਪਹੁੰਚ ਤੋਂ ਬਾਹਰ ਸੀ | ਇਸ ਤੋਂ ਬਾਅਦ ਮੇਰੀ ਪਤਨੀ ਬਬੀਤਾ ਤੇ ਪਿੰਡ ਮੇਵਾ ਸਿੰਘ ਵਾਲਾ ਦੇ ਸਾਬਕਾ ਸਰਪੰਚ ਕਸ਼ਮੀਰ ਸਿੰਘ ਮੇਰਾ ਇਲਾਜ ਕਰਵਾਉਣ ਲਈ ਸੁਲਤਾਨਪੁਰ ਲੋਧੀ ਦੇ ਅਮਨਪ੍ਰੀਤ ਹਸਪਤਾਲ ਵਿਖੇ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਬੜੀ ਮਿਹਨਤ ਤੇ ਲਗਨ ਦੇ ਨਾਲ ਮੇਰਾ ਇਲਾਜ ਕੀਤਾ ਤੇ ਅੱਜ ਮੈਂ ਪੂਰੀ ਤਰ੍ਹਾਂ ਤੰਦਰੁਸਤ ਹਾਂ | ਉਨ੍ਹਾਂ ਕਿਹਾ ਕਿ ਗੋਲਡ ਮੈਡਲਿਸਟ ਤੇ ਅਮਨਪ੍ਰੀਤ ਹਸਪਤਾਲ ਦੇ ਐਮ.ਡੀ. ਡਾ. ਅਮਨਪ੍ਰੀਤ ਸਿੰਘ ਵਲੋਂ ਸਾਡਾ ਇਲਾਜ ਮੁਫ਼ਤ ਕੀਤਾ ਗਿਆ | ਇਸ ਮੌਕੇ ਮੇਵਾ ਸਿੰਘ ਵਾਲਾ ਦੇ ਸਾਬਕਾ ਸਰਪੰਚ ਕਸ਼ਮੀਰ ਸਿੰਘ, ਪੰਚਾਇਤ ਮੈਂਬਰ ਸੁਖਵਿੰਦਰ ਸਿੰਘ ਲਾਡੀ ਧੰਜੂ ਨੇ ਡਾ. ਅਮਨਪ੍ਰੀਤ ਸਿੰਘ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਮਨਪ੍ਰੀਤ ਹਸਪਤਾਲ ਵੱਲੋਂ ਮਰੀਜ਼ ਦਾ ਫ਼ਰੀ ਇਲਾਜ ਕਰ ਕੇ ਮਰੀਜ਼ ਦੀ ਬਹੁਤ ਹੀ ਮਦਦ ਕੀਤੀ ਹੈ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਉਹ ਘੱਟ ਹੈ | ਇਸ ਮੌਕੇ ਗੋਲਡ ਮੈਡਲਿਸਟ ਤੇ ਮਲਟੀ ਸਪੈਸ਼ਲਿਸਟ ਡਾ.ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁਕੇਸ਼ ਪਾਸਵਾਨ ਨਾਮ ਦਾ ਮਰੀਜ਼ 7 ਜੁਲਾਈ ਨੂੰ ਸਾਡੇ ਕੋਲ ਆਇਆ ਸੀ ਜੋ ਮਾਈਲੋਪੈਥੀ ਨਾਲ ਪੀ.ਯੂ.ਓ. ਤੇ ਅਨੀਮੀਆ ਨਾਲ ਟੀ.ਸੀ.ਪੀ. ਤੋਂ ਬਿਮਾਰੀ ਤੋਂ ਪੀੜਿਤ ਸੀ | ਜਿਸ ਦਾ ਪੀ.ਜੀ.ਆਈ. ਚੰਡੀਗੜ੍ਹ ਤੋਂ ਰਿਟਾ: ਡਾ. ਮਨਦੀਪ ਸਿੰਘ ਤੇ ਸਾਡੇ ਪੂਰੇ ਸਟਾਫ਼ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਗਿਆ ਅਤੇ ਅੱਜ ਉਹ ਬਿਲਕੁਲ ਤੰਦਰੁਸਤ ਹੈ | ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ ਕੋਈ ਲੋੜਵੰਦ ਮਰੀਜ਼ ਆਵੇਗਾ ਤਾਂ ਉਸ ਦਾ ਇਲਾਜ ਸਾਡੇ ਵੱਲੋਂ ਫ਼ਰੀ ਕੀਤਾ ਜਾਵੇਗਾ | ਉਨ੍ਹਾਂ ਨੇ ਕਿਹਾ ਮਨੁੱਖਤਾ ਦੀ ਸੇਵਾ ਕਰਨਾ ਸਾਡਾ ਮੁੱਖ ਮਕਸਦ ਹੈ | ਇਸ ਮੌਕੇ ਮਲਟੀ ਸਪੈਸ਼ਲਿਟੀ ਡਾ. ਅਮਨਪ੍ਰੀਤ ਸਿੰਘ, ਡਾਕਟਰ ਸੁਸ਼ਾਂਤ ਸ਼ਰਮਾ, ਮੈਨੇਜਰ ਸੁਮਨ ਥਾਪਰ, ਮੋਹਿਤ ਅਟਵਾਲ, ਰੋਹਿਤ, ਅਨਮੋਲ, ਜਰਮਨ, ਮਨਿੰਦਰ ਕੌਰ, ਰਾਜਵੀਰ ਕੌਰ, ਰਮਨ ਥਾਪਰ, ਮਨਪ੍ਰੀਤ ਕੌਰ, ਤਾਨੀਆ ਗਿੱਲ, ਅਮਨਦੀਪ ਕੌਰ, ਕਿਰਨਦੀਪ ਕੌਰ, ਗੁਰਪ੍ਰੀਤ ਕੌਰ, ਸੰਜਨਾ ਆਦਿ ਵੀ ਮੌਜੂਦ ਸਨ |