ਕਪੂਰਥਲਾ, 15 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਸਕੂਲ ਮੈਨੇਜਮੈਂਟ ਕਮੇਟੀਆਂ ਵਿਚ ਸਿਆਸੀ ਦਖ਼ਲ ਰੋਕਣ ਦੇ ਮਨੋਰਥ ਨਾਲ ਅੱਜ ਜ਼ਿਲ੍ਹਾ ਕਪੂਰਥਲਾ ਦੀਆਂ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡਾ. ਬਲਵਿੰਦਰ ਸਿੰਘ ਬੱਟੂ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਜੇਸ਼ ਕੁਮਾਰ ਨੂੰ ਮਿਲ ਕੇ ਇਕ ਸਿਆਸੀ ਪਾਰਟੀ ਨਾਲ ਸਬੰਧਿਤ ਕੁੱਝ ਵਿਅਕਤੀਆਂ ਨੂੰ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਂਬਰ ਬਣਾਏ ਜਾਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ | ਅਧਿਆਪਕ ਆਗੂਆਂ ਨੇ ਕਿਹਾ ਕਿ ਜਿਹੜੇ ਵਿਅਕਤੀਆਂ ਦੀ ਸਕੂਲ ਮੈਨੇਜਮੈਂਟ ਕਮੇਟੀ ਵਿਚ ਸਿੱਖਿਆ ਮਾਹਿਰ ਵਜੋਂ ਸ਼ਾਮਲ ਕਰਨ ਸੂਚੀ ਭੇਜੀ ਗਈ ਹੈ, ਉਹ ਅਧਿਕਾਰਤ ਨਹੀਂ ਤੇ ਨਾ ਹੀ ਕਿਸੇ ਨੇ ਉਸ ਸੂਚੀ 'ਤੇ ਦਸਤਖ਼ਤ ਕੀਤੇ ਹਨ | ਇਸ ਲਈ ਸਕੂਲਾਂ ਵਿਚ ਬਣਨ ਵਾਲੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਵਿਚ ਉਹ ਕਿਸੇ ਵੀ ਬਾਹਰੀ ਵਿਅਕਤੀ ਨੂੰ ਮੈਂਬਰ ਵਜੋਂ ਸ਼ਾਮਲ ਨਹੀਂ ਕਰਨਗੇ | ਇਨ੍ਹਾਂ ਜਥੇਬੰਦੀਆਂ ਵਿਚ ਸ਼ਾਮਲ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ, ਗੌਰਮਿੰਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ, ਡੈਮੋਕਰੈਟਿਕ ਟੀਚਰ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਮਾਸਟਰ ਕੇਡਰ ਯੂਨੀਅਨ ਦੇ ਆਗੂ ਨਰੇਸ਼ ਕੁਮਾਰ ਤੇ ਸੰਦੀਪ ਕੁਮਾਰ ਨੇ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਨੇ ਸਕੂਲਾਂ ਵਲੋਂ ਬਣਾਈ ਗਈ ਮੈਨੇਜਮੈਂਟ ਕਮੇਟੀ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਬੰਧਿਤ ਅਧਿਕਾਰੀ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਸਿੱਖਿਆ ਅਧਿਕਾਰੀਆਂ ਨੂੰ ਕਿਹਾ ਕਿ ਸਕੂਲ ਮੈਨੇਜਮੈਂਟ ਕਮੇਟੀਆਂ ਬਣਾਉਣ ਨੂੰ ਲੈ ਕੇ ਅਧਿਆਪਕਾਂ 'ਤੇ ਕੋਈ ਦਬਾਅ ਨਾ ਪਾਇਆ ਜਾਵੇ | ਇਸ ਮੌਕੇ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਕਮੇਟੀਆਂ ਵਿਚ ਮੈਂਬਰ ਪਾਉਣ ਸਬੰਧੀ ਸੂਚੀ ਉੱਪਰੋਂ ਜ਼ੁਬਾਨੀ ਹੁਕਮਾਂ ਰਾਹੀਂ ਆਈ ਹੈ ਤੇ ਅਸੀਂ ਜ਼ੁਬਾਨੀ ਹੁਕਮਾਂ ਰਾਹੀਂ ਹੇਠਾਂ ਭੇਜੀ ਹੈ, ਇਸ ਸਬੰਧੀ ਅਸੀਂ ਲਿਖਤੀ ਤੌਰ 'ਤੇ ਕੁੱਝ ਨਹੀਂ ਕਹਿ ਸਕਦੇ | ਸਿੱਖਿਆ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਅਧਿਆਪਕ ਆਗੂ ਜੈਮਲ ਸਿੰਘ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਰਮੇਸ਼ ਕੁਮਾਰ ਭੇਟਾਂ, ਹਰਦੇਵ ਸਿੰਘ ਖਾਨੋਵਾਲ, ਗੁਰਮੀਤ ਸਿੰਘ ਖ਼ਾਲਸਾ, ਸੁਖਜਿੰਦਰ ਸਿੰਘ ਢੋਲਣ, ਰਾਜ ਬੂਲਪੁਰ, ਅਵਤਾਰ ਸਿੰਘ ਹੈਬਤਪੁਰ, ਡਾ. ਧਿਆਨ ਸਿੰਘ ਭਗਤ, ਯਾਦਵਿੰਦਰ ਪੰਡਰੀ, ਅਮਨ ਖਿੰਡਾ, ਧਰਮਵੀਰ ਸਿੰਘ, ਸੁਖਦੇਵ ਸਿੰਘ, ਮਨਜੀਤ ਸਿੰਘ ਪ੍ਰਵੇਜ਼ ਨਗਰ, ਕਰਮਜੀਤ ਸਿੰਘ ਗਿੱਲ, ਪਰਮਿੰਦਰ ਸਿੰਘ, ਨਿਰਮਲ ਸਿੰਘ, ਮਨਜਿੰਦਰ ਸਿੰਘ ਠੱਟਾ, ਰਾਜੀਵ ਪਠਾਣੀਆ, ਰਾਮ ਸਿੰਘ, ਅਮਨਦੀਪ ਸਿੰਘ ਖਿੰਡਾ, ਸੁਖਵਿੰਦਰ ਸਿੰਘ ਕਾਲੇਵਾਲ, ਕਮਲਜੀਤ ਸਿੰਘ, ਨਿਰਮਲ ਸਿੰਘ ਸੋਢੀ ਆਦਿ ਆਗੂ ਹਾਜ਼ਰ ਸਨ |