ਕਪੂਰਥਲਾ, 15 ਜੁਲਾਈ (ਵਿ.ਪ੍ਰ.)-ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਰੇਲ ਕੋਚ ਫ਼ੈਕਟਰੀ ਕਪੂਰਥਲਾ ਦਾ 5ਵਾਂ ਇਜਲਾਸ 16 ਜੁਲਾਈ ਨੂੰ ਆਰ.ਸੀ.ਐਫ. ਦੇ ਵਾਰਿਸ ਸ਼ਾਹ ਹਾਲ ਵਿਚ ਕਰਵਾਉਣ ਲਈ ਯੂਨੀਅਨ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਤੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਆਰ.ਸੀ.ਐਫ. ਦੇ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਇਜਲਾਸ ਵਿਚ ਆਪਣੀ ਹਾਜ਼ਰੀ ਯਕੀਨੀ ਬਣਾਉਣ | ਉਨ੍ਹਾਂ ਕਿਹਾ ਕਿ ਇਜਲਾਸ ਵਿਚ ਜਿੱਥੇ ਕਰਮਚਾਰੀਆਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਭਲਾਈ ਨਾਲ ਸਬੰਧਿਤ ਅਹਿਮ ਪ੍ਰਸਤਾਵਾਂ 'ਤੇ ਵਿਚਾਰ ਵਟਾਂਦਰਾ ਹੋਵੇਗਾ, ਉੱਥੇ ਭਵਿੱਖ ਦੀ ਰਣਨੀਤੀ ਵੀ ਤੈਅ ਕੀਤੀ ਜਾਵੇਗੀ | ਇਜਲਾਸ ਨੂੰ ਸਫ਼ਲ ਬਣਾਉਣ ਲਈ ਯੂਨੀਅਨ ਦੇ ਖ਼ਜ਼ਾਨਚੀ ਰਵਿੰਦਰਪਾਲ ਸਿੰਘ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ, ਚੇਅਰਮੈਨ ਦਰਸ਼ਨ ਲਾਲ, ਵਧੀਕ ਜਨਰਲ ਸਕੱਤਰ ਅਮਰੀਕ ਸਿੰਘ ਗਿੱਲ, ਜਸਪਾਲ ਸਿੰਘ ਸੇਖੋਂ, ਸੰਗਠਨ ਸਕੱਤਰ ਭਰਤ ਰਾਜ ਸਮੇਤ ਹੋਰ ਆਗੂ ਦਿਨ ਰਾਤ ਇਕ ਕਰਕੇ ਕੰਮ ਕਰ ਰਹੇ ਹਨ |