ਫਗਵਾੜਾ, 15 ਜੁਲਾਈ (ਹਰਜੋਤ ਸਿੰਘ ਚਾਨਾ)-ਸੈਰ ਕਰਦੇ ਇਕ ਵਿਅਕਤੀ ਨੂੰ ਰੋਕ ਕੇ ਉਸ ਦੀ ਕੁੱਟਮਾਰ ਕਰਨ ਦੇ ਸਬੰਧ 'ਚ ਸਦਰ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਲਾਲ ਚੰਦ ਪੁੱਤਰ ਮੋਹਣ ਲਾਲ ਵਾਸੀ ਢੱਕ ਪੰਡੋਰੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 12 ਜੁਲਾਈ ਨੂੰ ਉਹ ਸੈਰ ਕਰਦਾ ਪਿਆ ਸੀ ਕਿ ਮਨੀ ਤੇ ਸੰਨੀ ਨੇ ਉਸ ਨੰੂ ਰੋਕ ਲਿਆ ਤੇ ਦਾਤਰ ਨਾਲ ਉਸ ਦੀ ਕੁੱਟਮਾਰ ਕੀਤੀ | ਜਿਸ ਸਬੰਧ 'ਚ ਪੁਲਿਸ ਨੇ ਮਨੀ ਪੁੱਤਰ ਹਰਬੰਸ ਲਾਲ ਤੇ ਸੰਨੀ ਪੁੱਤਰ ਹਰਬੰਸ ਲਾਲ ਵਾਸੀਆਨ ਢੱਕ ਪੰਡੋਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਇਸੇ ਤਰ੍ਹਾਂ ਪਿੰਡ ਖਲਵਾੜਾ ਵਿਖੇ ਇੱਕ ਹਵੇਲੀ 'ਚ ਦਾਖ਼ਲ ਹੋ ਕੇ ਮਹਿਲਾ ਦੀ ਕੁੱਟਮਾਰ ਕਰਨ ਦੇ ਸਬੰਧ 'ਚ ਸਦਰ ਪੁਲਿਸ ਨੇ ਪੰਜ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਬਲਵੀਰ ਕੌਰ ਪਤਨੀ ਬਲਵੀਰ ਚੰਦ ਵਾਸੀ ਖਲਵਾੜਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 2 ਜੁਲਾਈ ਨੂੰ ਉਹ ਆਪਣੀ ਹਵੇਲੀ 'ਚ ਸਬਜ਼ੀਆਂ ਤੋੜ ਰਹੀ ਸੀ ਤਾਂ ਉਕਤ ਮਹਿਲਾਵਾਂ ਹਵੇਲੀ ਦਾ ਗੇਟ ਖੋਲ੍ਹ ਕੇ ਅੰਦਰ ਆ ਵੜੀਆਂ ਤੇ ਕੁੱਟਮਾਰ ਕੀਤੀ ਤੇ ਉਸ ਦੇ ਕੱਪੜੇ ਫਾੜ ਕੇ ਵੀਡੀਓ ਬਣਾਈ | ਜਿਸ ਸਬੰਧ 'ਚ ਪੁਲਿਸ ਨੇ ਮੰਨੂੰ ਪਤਨੀ ਰਮਨ ਕੁਮਾਰ, ਪਰਮਜੀਤ ਕੌਰ ਪਤਨੀ ਜਸਵਿੰਦਰ ਕੁਮਾਰ, ਸੁਨੀਲ ਰਾਣੀ ਪਤਨੀ ਸ਼੍ਰੀ ਰਾਮ, ਜਸਵਿੰਦਰ ਕੁਮਾਰ ਤੇ ਪਵਨ ਕੁਮਾਰ ਵਾਸੀਆਨ ਖਲਵਾੜਾ ਖ਼ਿਲਾਫ਼ ਕੇਸ ਦਰਜ ਕੀਤਾ ਹੈ |