12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਨਵੀਂ ਵਾਰਡਬੰਦੀ ਨੇ ਮਾਨਸਾ ਵਾਸੀਆਂ ਨੂੰ ਘੁੰਮਣ-ਘੇਰੀਆਂ 'ਚ ਪਾਇਆ, ਲੋਕਾਂ 'ਚ ਰੋਸ <br/>

ਅਜੀਤ ਡੈਸਕ 27-12-2025
ਮਾਨਸਾ, 26 ਦਸੰਬਰ- ਸਥਾਨਕ ਸਰਕਾਰਾਂ ਵਿਭਾਗ ਵਲੋਂ ਸਥਾਨਕ ਸ਼ਹਿਰ ਦੀ ਨਵੀਂ ਵਾਰਡ ਬੰਦੀ ਦੇ ਸਬੰਧ 'ਚ ਲੋਕਾਂ ਤੋਂ ਇਤਰਾਜ਼ ਮੰਗੇ ਗਏ ਹਨ | ਸ਼ਹਿਰ 'ਚ ਕੁੱਲ 27 ਵਾਰਡ ਹਨ | ਵਾਰਡ ਬੰਦੀ ਲਈ ਜਾਰੀ ਸੂਚੀ ਨੇ ਸ਼ਹਿਰੀਆਂ ਨੂੰ ਘੁੰਮਣ-ਘੇਰੀਆਂ 'ਚ ਪਾ ਦਿੱਤਾ ਹੈ ਅਤੇ ਚੋਣ ਲੜਨ ਦੇ ਚਾਹਵਾਨ ਬਹੁਤੇ ਸੱਜਣ ਵੀ ਦੁਬਿਧਾ 'ਚ ਫਸ ਗਏ ਹਨ ਕਿ ਜੇਕਰ ਵਿਭਾਗ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਵਾਰਡ ਬਣਦੇ ਹਨ ਤਾਂ ਉਨ੍ਹਾਂ ਦੇ ਸੁਪਨੇ ਪੂਰੇ ਨਹੀਂ ਹੋ ਸਕਦੇ ਕਿਉਂਕਿ ਅਗਲੇ ਮਹੀਨਿਆਂ 'ਚ ਹੋਣ ਵਾਲੀ ਚੋਣ ਦੇ ਮੱਦੇਨਜ਼ਰ ਉਨ੍ਹਾਂ ਪਹਿਲਾਂ ਹੀ ਆਪਣੇ ਵਾਰਡਾਂ 'ਚ ਤਿਆਰੀਆਂ ਅਰੰਭੀਆਂ ਹੋਈਆਂ ਸਨ | ਵਾਰਡ-ਵਾਰ ਨਵੀਂ ਲਿਸਟ ਅਨੁਸਾਰ ਕੁਝ ਖੇਤਰ ਇੱਧਰ ਪਾ ਦਿੱਤਾ ਹੈ ਅਤੇ ਕੁਝ ਉੱਧਰ | ਨਗਰ ਕੌਂਸਲ ਮਾਨਸਾ ਵਲੋਂ ਇਹ ਸੂਚੀ ਨੋਟਿਸ ਬੋਰਡ 'ਤੇ ਚਸਪਾਈ ਗਈ ਹੈ | ਦਿਲਚਸਪ ਗੱਲ ਇਹ ਹੈ ਕਿ ਸੂਚੀ 'ਚ ਗਲੀਆਂ ਦਾ ਨਾਂਅ ਲਿਖਣ ਦੀ ਬਜਾਏ ਖਾਲੀ ਥਾਂ ਛੱਡੀ ਗਈ ਹੈ, ਜਿਸ ਕਰ ਕੇ ਇਹ ਸਮਝ ਨਹੀਂ ਆ ਰਿਹਾ ਹੈ ਕਿ ਕਿਹੜੀ ਗਲੀ ਕਿਹੜੇ ਵਾਰਡ 'ਚ ਹੈ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਜੇ ਕੁਮਾਰ ਸਿੰਗਲਾ, ਕੌਂਸਲਰ ਪ੍ਰੇਮ ਸਾਗਰ ਭੋਲਾ ਤੇ ਪਵਨ ਕੁਮਾਰ ਨੇ ਕਿਹਾ ਕਿ ਸੂਚੀ ਸਮਝਣ 'ਚ ਦਿੱਕਤਾਂ ਪੇਸ਼ ਆ ਰਹੀਆਂ ਹਨ ਜਦਕਿ ਕੌਂਸਲਰ ਦੇ ਕਰਮਚਾਰੀ ਵੀ ਸਹੀ ਜਾਣਕਾਰੀ ਦੇਣ ਤੋਂ ਅਸਮਰਥ ਹਨ | ਉਨ੍ਹਾਂ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਨਗਰ ਕੌਂਸਲ ਦੀ ਮੀਟਿੰਗ ਬੁਲਾ ਕੇ ਲੋਕਾਂ ਦੇ ਇਤਰਾਜ਼ਾਂ ਤੇ ਕੇਸਾਂ ਨੂੰ ਵੇਖਦੇ ਹੋਏ ਪਹਿਲਾਂ ਵਾਲੀ ਵਾਰਡ ਬੰਦੀ ਹੀ ਰੱਖੀ ਜਾਵੇ | ਇਸੇ ਦੌਰਾਨ ਵਾਰਡ ਨੰਬਰ 2, 6, 8 ਅਤੇ 15 ਦੇ ਵਾਸੀਆਂ ਨੇ ਕਾਰਜ ਸਾਧਕ ਅਫ਼ਸਰ ਨੂੰ ਲਿਖਤੀ ਪੱਤਰ ਭੇਜ ਕੇ ਮੰਗ ਉਠਾਈ ਹੈ ਕਿ ਲੋਕ ਹਿਤਾਂ ਨੂੰ ਧਿਆਨ 'ਚ ਰੱਖਦੇ ਹੋਏ ਹਦੂਦ ਬੰਦੀ ਨੂੰ ਨਾ ਬਦਲਿਆ ਜਾਵੇ | ਉਨ੍ਹਾਂ ਕਿਹਾ ਕਿ ਨਵੀਂ ਲਿਸਟ ਮੁਤਾਬਿਕ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਵਾਰਡ ਬਦਲਣ ਕਰ ਕੇ ਸਾਰੇ ਸਰਟੀਫਿਕੇਟਾਂ 'ਚ ਪਤੇ ਗ਼ਲਤ ਹੋ ਜਾਣਗੇ ਅਤੇ ਮੁੜ ਕਾਗ਼ਜ਼ਾਤ ਬਣਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸ਼ਹਿਰ ਦੀ ਆਬਾਦੀ ਵਧ ਗਈ ਹੈ ਤਾਂ ਵਾਰਡ ਵਧਾਏ ਜਾਣ ਨਾ ਕਿ ਕਾਂਟ-ਛਾਂਟ ਕਰ ਕੇ ਇੱਧਰਲੇ-ਉੱਧਰਲੇ ਵਾਰਡਾਂ 'ਚ ਕੁਝ ਖੇਤਰ ਨੂੰ ਸ਼ਾਮਿਲ ਕਰ ਕੇ ਨਵੀਂ ਸਮੱਸਿਆ ਖੜ੍ਹੀ ਕੀਤੀ ਜਾਵੇ | ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਕੇ.ਐਸ. ਮਠਾੜੂ, ਸੀ.ਪੀ.ਐਮ. ਦੇ ਆਗੂ ਘਣਸ਼ਿਆਮ ਦਾਸ ਨਿੱਕੂ ਨੇ ਦੋਸ਼ ਲਗਾਇਆ ਕਿ ਕੁਝ ਵਿਅਕਤੀਆਂ ਨੇ ਸੱਤਾਧਾਰੀ ਧਿਰ ਦੇ ਇਸ਼ਾਰੇ 'ਤੇ ਗ਼ਲਤ ਵਾਰਡ ਬੰਦੀ ਕਰਵਾਈ ਹੈ | ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ | ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਕੁਲਦੀਪ ਸਿੰਘ ਧਾਲੀਵਾਲ ਨਾਲ ਸੰਪਰਕ ਕਰਨ ਦੇ ਯਤਨ ਅਸਫਲ ਰਹੇ |
ਸੰਘਰਸ਼ ਕਮੇਟੀ ਵਲੋਂ ਤਿੱਖਾ ਅੰਦੋਲਨ ਵਿੱਢਣ ਦਾ ਐਲਾਨ
ਉੱਧਰ 21 ਮੈਂਬਰੀ ਸੰਘਰਸ਼ ਕਮੇਟੀ ਦੀ ਇਕੱਤਰਤਾ ਸਥਾਨਕ ਨਾਨਕ ਮੱਲ ਧਰਮਸ਼ਾਲਾ ਵਿਖੇ ਹੋਈ | ਬੁਲਾਰਿਆਂ ਨੇ ਸ਼ਹਿਰ ਦੇ ਵਾਰਡਾਂ ਵਿਚ ਕੀਤੀ ਗਈ ਬੇਲੋੜੀ ਤਬਦੀਲੀ ਸਬੰਧੀ ਇਤਰਾਜ਼ ਜ਼ਾਹਿਰ ਕੀਤਾ | ਉਨ੍ਹਾਂ ਦੋਸ਼ ਲਗਾਇਆ ਕਿ ਹਾਕਮ ਧਿਰ ਵਲੋਂ ਰਾਜਸੀ ਲਾਹਾ ਲੈਣ ਲਈ ਵਾਰਡਾਂ 'ਚ ਕਾਂਟ-ਛਾਂਟ ਅਤੇ ਗ਼ਲਤ ਰਾਖਵਾਂਕਰਨ ਕੀਤਾ ਗਿਆ ਹੈ | ਫ਼ੈਸਲਾ ਕੀਤਾ ਗਿਆ ਕਿ ਇਸ ਮੁੱਦੇ 'ਤੇ ਕਾਰਜ ਸਾਧਕ ਅਫ਼ਸਰ ਤੇ ਡਿਪਟੀ ਕਮਿਸ਼ਨਰ ਨੂੰ ਮਿਲਿਆ ਜਾਵੇਗਾ ਤਾਂ ਕਿ ਸਾਜ਼ਿਸ਼ ਤਹਿਤ ਵਾਰਡਾਂ ਦੇ ਖੇਤਰ ਦੀ ਤੋੜ-ਫੋੜ ਨਾ ਕੀਤੀ ਜਾਵੇ | ਉਨ੍ਹਾਂ ਐਲਾਨ ਵੀ ਕੀਤਾ ਕਿ ਜੇਕਰ ਲੋਕ ਰਾਇ ਮੁਤਾਬਿਕ ਵਾਰਡ ਬੰਦੀ ਨਾ ਕੀਤੀ ਗਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਉੱਘੇ ਆਰ.ਟੀ.ਆਈ. ਕਾਰਕੁਨ ਮਾਨਿਕ ਗੋਇਲ, ਮਨਦੀਪ ਸਿੰਘ ਗੋਰਾ, ਸੁਰੇਸ਼ ਕੁਮਾਰ ਨੰਦਗੜ੍ਹੀਆ, ਕਿ੍ਸ਼ਨ ਚੌਹਾਨ, ਜਤਿੰਦਰ ਕੁਮਾਰ ਆਗਰਾ, ਧੰਨਾ ਮੱਲ ਗੋਇਲ, ਡਾ. ਜਨਕ ਰਾਜ ਸਿੰਗਲਾ, ਚਮਕੌਰ ਸਿੰਘ ਸਿੱਧੂ, ਅੰਕੁਸ਼ ਜਿੰਦਲ, ਸਮੀਰ ਛਾਬੜਾ, ਹਰਵਿੰਦਰ ਕੁਮਾਰ ਭਾਰਦਵਾਜ, ਹਰਿੰਦਰ ਸਿੰਘ ਮਾਨਸ਼ਾਹੀਆ, ਸਰਬਜੀਤ ਸਿੰਘ ਕੌਂਸਲ, ਅੰਮਿ੍ਤਪਾਲ ਗੋਗਾ, ਕਰਨੈਲ ਸਿੰਘ, ਵੀਰ ਭਾਨ, ਸਤੀਸ਼ ਮਹਿਤਾ, ਕਮਲ ਚੂਨੀਆ, ਸੁਖਚਰਨ ਸਿੰਘ ਦਾਨੇਵਾਲੀਆ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਦੂਲਗੜ੍ਹ ਪੁਲਿਸ ਨੇ ਨਸ਼ਾ ਤਸਕਰ ਦਾ ਘਰ ਅਤੇ ਕਾਰ ਫਰੀਜ਼ ਕੀਤੇ <br/> ਅਗਲੀ ਖ਼ਬਰ ਕਿਸ਼ੋਰਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਚਲਾਇਆ ਜਾਵੇਗਾ 'ਜ਼ਿੰਦਗੀ ਜ਼ਿੰਦਾਬਾਦ ਪ੍ਰੋਜੈਕਟ'-ਡੀ.ਸੀ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।