ਝੁਨੀਰ, 7 ਨਵੰਬਰ (ਸੰਜੀਵ ਸਿੰਗਲਾ)-ਪੈਨਸ਼ਨਰ ਐਸੋਸੀਏਸ਼ਨ ਝੁਨੀਰ ਦੀ ਮੀਟਿੰਗ ਸਥਾਨਕ ਦੁਰਗਾ ਮੰਦਰ ਵਿਖੇ ਹੋਈ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ | ਉਨ੍ਹਾਂ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਨੂੰ ਭੰਗ ਕਰ ਕੇ ਕੇਂਦਰ ਸਰਕਾਰ ਦੇ ਪੰਜਾਬ ਯੂਨੀਵਰਸਿਟੀ ਦੀ ਸ਼ਮੂਲੀਅਤ ਨੂੰ ਖ਼ਤਮ ਕਰਨ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਦੇਸ਼ ਦੇ ਫੈਡਰਲ ਢਾਂਚੇ ਦਾ ਅਪਮਾਨ ਹੈ | ਇਹ ਪੰਜਾਬ ਦੇ ਵਿੱਦਿਅਕ ਅਤੇ ਬੌਧਿਕ ਢਾਂਚੇ ਉੱਪਰ ਹਮਲਾ ਹੈ | ਉਨ੍ਹਾਂ ਮੰਗ ਕੀਤੀ ਕਿ 16 ਪ੍ਰਤੀਸ਼ਤ ਮਹਿੰਗਾਈ ਭੱਤਾ ਦਿੱਤਾ ਜਾਵੇ, ਰਹਿੰਦੇ ਬਕਾਏ ਜਾਰੀ ਕੀਤੇ ਜਾਣ, ਪੰਜਾਬ ਸਰਕਾਰ ਦੇ ਪੈਨਸ਼ਨਰਾਂ ਦੀ ਪੈਨਸ਼ਨ ਦੁਹਰਾਈ 2.59 ਗੁਣਾਂਕ ਨਾਲ ਕੀਤੀ ਜਾਵੇ | ਸਮੂਹ ਵਿਭਾਗਾਂ 'ਚ ਕੱਚੇ ਮੁਲਾਜ਼ਮ ਪੱਕੇ ਕਰ ਕੇ ਅੱਗੇ ਰੈਗੂਲਰ ਭਰਤੀ ਸ਼ੁਰੂ ਕੀਤੀ ਜਾਵੇ | ਇਸ ਮੌਕੇ ਪ੍ਰਧਾਨ ਕੌਰ ਸਿੰਘ ਭੰਮਾ ਖ਼ੁਰਦ, ਸੀਨੀਅਰ ਮੀਤ ਪ੍ਰਧਾਨ ਸਾਧੂ ਸਿੰਘ ਰਾਮਾਨੰਦੀ, ਜਨਰਲ ਸਕੱਤਰ ਗੁਰਜੰਟ ਸਿੰਘ ਝੁਨੀਰ, ਪ੍ਰੈੱਸ ਸਕੱਤਰ ਬਾਬੂ ਸਿੰਘ ਫ਼ਤਿਹਪੁਰ, ਵਿੱਤ ਸਕੱਤਰ ਦਰਸ਼ਨ ਸਿੰਘ ਝੁਨੀਰ ਆਦਿ ਹਾਜ਼ਰ ਸਨ |