ਮਾਨਸਾ, 21 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਉੱਘੇ ਨਕਸਲੀ ਆਗੂ ਤੇ ਬਾਬਾ ਬੂਝਾ ਸਿੰਘ ਭਵਨ ਮਾਨਸਾ ਦੇ ਸਰਪ੍ਰਸਤ ਕਾ. ਨਛੱਤਰ ਸਿੰਘ ਖੀਵਾ (71) ਨੌ-ਬਰ-ਨੌ ਹਨ | ਜ਼ਿਕਰਯੋਗ ਹੈ ਕਿ ਪਿੰਡ ਖੀਵਾ ਸਹਿਜ਼ਾਦੇ ਵਾਲਾ ਦੇ ਸਾਬਕਾ ਸਰਪੰਚ ਨਛੱਤਰ ਸਿੰਘ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ, ਪਰੂ ਅਫ਼ਵਾਹ ਇਹ ਫੈਲ ਗਈ ਕਿ ਕਾ. ਨਛੱਤਰ ਸਿੰਘ ਖੀਵਾ ਨਹੀਂ ਰਹੇ | ਇਹ ਖ਼ਬਰ ਉੱਡਦਿਆਂ ਹੀ ਬੀ.ਡੀ.ਪੀ.ਓ. ਦਫ਼ਤਰ ਭੀਖੀ ਵਿਖੇ ਬਲਾਕ ਬਚਾਉਣ ਲਈ ਜਾਰੀ ਧਰਨੇ 'ਚ ਕਾਮਰੇਡ ਸਾਥੀਆਂ ਨੇ ਝੱਟ ਸੋਕ ਸਭਾ ਕਰਨ ਉਪਰੰਤ ਕਾ. ਨਛੱਤਰ ਸਿੰਘ ਖੀਵਾ ਅਮਰ ਰਹੇ ਦੇ ਨਾਅਰੇ ਵੀ ਲਗਾਏ ਅਤੇ ਸੋਸ਼ਲ ਮੀਡੀਆ 'ਤੇ ਵੀ ਲੋਕ ਦੁੱਖ ਪ੍ਰਗਟ ਕਰਦੇ ਰਹੇ | ਜਦੋਂ ਪਿੰਡ ਖੀਵਾ ਕਲਾਂ ਅਤੇ ਮਾਨਸਾ ਵਿਖੇ ਪਰਿਵਾਰਕ ਮੈਂਬਰਾਂ ਕੋਲ ਇਹ ਗੱਲ ਪੁੱਜੀ ਤਾਂ ਉਹ ਵੀ ਉਦਾਸ ਹੋ ਗਏ | ਦੱਸ ਦੇਈਏ ਕਿ ਉਸ ਵਕਤ ਕਾ. ਖੀਵਾ ਲਿਬਰੇਸ਼ਨ ਦੀ ਮੀਟਿੰਗ 'ਚ ਸ਼ਾਮਿਲ ਸਨ | ਸੂਚਨਾ ਮਿਲਣ 'ਤੇ ਕਾ. ਖੀਵਾ ਖ਼ੁਦ ਲਾਈਵ ਹੋਏ ਤਾਂ ਹਕੀਕਤ ਬਿਆਨ ਕੀਤੀ ਕਿ ਉਹ ਬਿਲਕੁਲ ਠੀਕ-ਠਾਕ ਹਨ | ਇਹ ਵੱਖਰੀ ਗੱਲ ਹੈ ਕਿ ਉਸ ਤੋਂ ਬਾਅਦ ਵੀ ਕੁਝ ਲੋਕ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅਫ਼ਸੋਸ ਜ਼ਾਹਿਰ ਕਰਦੇ ਰਹੇ |