ਭੀਖੀ, 19 ਜੁਲਾਈ (ਬਲਕਾਰ ਸਿੰਘ ਸਹੋਤਾ)-ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ 3 ਰੋਜ਼ਾ ਜ਼ਿਲ੍ਹਾ ਸ਼ੂਟਿੰਗ (ਫਾਇਰਿੰਗ) ਟੂਰਨਾਮੈਂਟ ਦੇ ਉਦਘਾਟਨ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ | ਡਿਪਟੀ ਇੰਸਪੈਕਟਰ ਜਨਰਲ ਬਠਿੰਡਾ ਹਰਜੀਤ ਸਿੰਘ ਨੇ ਮੁੱਖ ਮਹਿਮਾਨ ਜਦ ਕਿ ਪੁਸਵ ਬਾਇਓ ਫਿਊਲ ਦੇ ਐਮ. ਡੀ. ਪ੍ਰੋ. ਪਿ੍ਤਪਾਲ ਸ਼ਰਮਾ, ਡੀ. ਐਸ. ਪੀ. ਬੂਟਾ ਸਿੰਘ, ਐਸ. ਐੱਚ. ਓ. ਸੁਖਜੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਡੀ. ਆਈ. ਜੀ. ਹਰਜੀਤ ਸਿੰਘ ਨੇ ਆਪਣੇ ਕਰ ਕਮਲਾਂ ਦੁਆਰਾ ਦੀਪ ਜਗਾ ਕੇ ਸ਼ੂਟਿੰਗ ਟੂਰਨਾਮੈਂਟ ਦਾ ਉਦਘਾਟਨ ਕੀਤਾ | ਉਨ੍ਹਾਂ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਤੇ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਵਰਤਮਾਨ ਸਮਾਂ ਬਹੁਪੱਖੀ ਪ੍ਰਤਿਭਾ ਵਾਲਾ ਹੈ ਤੇ ਸਾਨੂੰ ਵਿਦਿਆਰਥੀ ਜੀਵਨ ਤੋਂ ਹੀ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲੈਣ ਦੀ ਰੁਚੀ ਵਿਕਸਿਤ ਕਰਨੀ ਚਾਹੀਦੀ ਹੈ | ਸਾਨੂੰ ਜਿੱਤ-ਹਾਰ ਦੀ ਪ੍ਰਵਾਹ ਨਾ ਕਰਦੇ ਹੋਏ ਹਰੇਕ ਗਤੀਵਿਧੀ ਵਿਚ ਭਾਗ ਲੈਣਾ ਚਾਹੀਦਾ ਹੈ | ਉਨ੍ਹਾਂ ਸੰਸਥਾ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਕੂਲ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਉੱਦਮ ਕਰ ਰਹੇ ਅਤੇ ਸਿੱਖਿਆ ਦੀ ਵੱਖਰੀ ਮਿਸਾਲ ਬਣ ਕੇ ਉੱਭਰ ਰਹੇ ਹਨ | ਬੱਚਿਆਂ ਦੇ ਰੁਬਰੂ ਹੁੰਦਿਆਂ ਪ੍ਰੋ. ਪਿ੍ਤਪਾਲ ਸ਼ਰਮਾ ਨੇ ਸਾਰੇ ਹੀ ਪ੍ਰਤੀਭਾਗੀਆਂ ਨੂੰ ਸਫਲਤਾ ਅਤੇ ਪ੍ਰਾਪਤੀਆਂ ਦੇ ਅੰਤਰ ਬਾਰੇ ਸਮਝਾਉਂਦਿਆਂ ਕਿਹਾ ਕਿ ਸਾਡੀਆਂ ਇਹ ਛੋਟੀਆਂ-ਛੋਟੀਆਂ ਪ੍ਰਾਪਤੀਆਂ ਸਾਨੂੰ ਹਲਾਸ਼ੇਰੀ ਦਿੰਦੀਆਂ ਹਨ ਅਤੇ ਸਮਾਜ ਦੇ ਹਾਣ ਦਾ ਬਣਾਉਂਦੀਆਂ ਹਨ | ਉਨ੍ਹਾਂ ਵਲੋਂ ਵਿੱਦਿਆ ਮੰਦਰ ਵਿਖੇ ਨਵੀਂ ਬਣੀ ਸ਼ੂਟਿੰਗ ਰੇਂਜ ਦੀ ਉੱਨਤੀ ਲਈ 1.51 ਲੱਖ ਦੀ ਰਾਸ਼ੀ ਭੇਟ ਕੀਤੀ ਗਈ | ਬੱਚਿਆਂ ਦੀ ਅਕਾਦਮਿਕ ਹੌਸਲਾ ਅਫ਼ਜ਼ਾਈ ਲਈ ਉਨ੍ਹਾਂ ਨੇ ਮੈਰਿਟ 'ਚ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ 11 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ | ਪਿ੍ੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਸਭਨਾਂ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਸ਼ੂਟਿੰਗ ਜੂਨੀਅਰ ਤੇ ਸੀਨੀਅਰ ਗਰੁੱਪ ਦੇ 3 ਦਿਨਾਂ ਮੁਕਾਬਲੇ 19 ਤੋਂ 21 ਜੁਲਾਈ ਤੱਕ ਹੋਣਗੇ | ਵਿਦਿਆਰਥਣਾਂ ਵਲੋਂ ਸੱਭਿਆਚਾਰਕ ਲੋਕ-ਨਾਚ ਵੀ ਪੇਸ਼ ਕੀਤਾ | ਇਸ ਮੌਕੇ ਜ਼ਿਲ੍ਹਾ ਸ਼ੂਟਿੰਗ ਐਸੋਸੀਏਸ਼ਨ ਦੇ ਸਕੱਤਰ ਸੁਰਿੰਦਰ ਸਿੰਘ, ਮੀਤ ਪ੍ਰਧਾਨ ਅੰਮਿ੍ਤ ਢਿੱਲੋਂ, ਗੁਰਜੀਤ ਸਿੰਘ ਢਿੱਲੋਂ, ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਜਿੰਦਰ ਪਾਲ, ਪ੍ਰਬੰਧਕ ਅੰਮਿ੍ਤ ਲਾਲ, ਵਾਈਸ ਪ੍ਰਧਾਨ ਪ੍ਰਸ਼ੋਤਮ ਮੱਤੀ, ਡਾ. ਮੱਖਣ ਲਾਲ, ਮੈਂਬਰ ਭੂਸ਼ਣ ਕੁਮਾਰ, ਤੁਸ਼ਾਰ ਕੁਮਾਰ, ਗੋਬਿੰਦ ਰਾਮ ਸ਼ਰਮਾ, ਨਰਿੰਦਰ ਸਿੰਘ, ਗੁਰਪ੍ਰੀਤ ਗੋਰਾ ਰਾਮਪੁਰਾ ਫੂਲ, ਰੁਪਿੰਦਰ ਪਟਿਆਲ ਆਦਿ ਹਾਜ਼ਰ ਸਨ |