ਰਾਮਾਂ ਮੰਡੀ, 19 ਜੁਲਾਈ (ਤਰਸੇਮ ਸਿੰਗਲਾ) ਰੇਲਵੇ ਸਟੇਸ਼ਨ ਰਾਮਾਂ ਦੇ ਸਾਹਮਣੇ ਰੇਲਵੇ ਦੀ ਹੱਦ ਵਿਚ ਲੱਗੇ ਦਰੱਖਤਾਂ 'ਚੋਂ ਕੁਝ ਵੱਡੇ ਦਰੱਖਤ ਮਹਾਂਵੀਰ ਨਗਰ ਦੇ ਮੁੱਖ ਰਸਤੇ ਵੱਲ ਕਾਫੀ ਝੁਕੇ ਹੋਏ ਹਨ, ਜੋ ਕਿਸੇ ਵੀ ਸਮੇਂ ਡਿੱਗ ਕੇ ਰਾਹਗੀਰਾਂ ਦੇ ਜਾਨੀ ਮਾਲੀ ਹਾਦਸੇ ਦਾ ਕਾਰਨ ਬਣ ਸਕਦੇ ਹਨ | ਗੱਲਬਾਤ ਕਰਦਿਆਂ ਵਿਜੇਪਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਨੇ ਕਿਹਾ ਕਿ ਰੇਲਵੇ ਦਾ ਵਣ ਵਿਭਾਗ ਕਿਸੇ ਜਾਨਲੇਵਾ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ, ਜੇ ਕੋਈ ਵਿਅਕਤੀ ਇਕ ਦਰੱਖ਼ਤ ਵੀ ਕੱਟ ਲਵੇ ਤਾਂ ਵਣ ਵਿਭਾਗ ਸਮੇਤ ਰੇਲਵੇ ਪੁਲਿਸ ਦੇ ਅਧਿਕਾਰੀ ਮਾਮਲਾ ਦਰਜ ਕਰਨ ਲਈ ਤੁਰੰਤ ਪਹੁੰਚ ਜਾਂਦੇ ਹਨ, ਪਰ ਹਨੇਰੀਆਂ ਨਾਲ ਲੰਬੇ ਸਮੇਂ ਤੋਂ ਰੇਲਵੇ ਦੀ ਹੱਦ 'ਚ ਡਿੱਗੇ ਪਏ ਲੱਖਾਂ ਰੁਪਏ ਮੁੱਲ ਦੇ ਮੋਟੇ ਦਰੱਖਤ ਵਣ ਵਿਭਾਗ ਵਲੋਂ ਚੁੱਕੇ ਨਾ ਜਾਣ ਕਾਰਨ ਕੱਖਾਂ ਦੇ ਵੀ ਨਹੀਂ ਰਹੇ | ਸ੍ਰੀ ਵਿਜੇਪਾਲ ਨੇ ਕਿਹਾ ਕਿ ਹਨੇਰੀਆਂ ਨਾਲ ਡਿੱਗੇ ਕੁਇੰਟਲਾਂ ਵਜ਼ਨੀ ਦਰਜਨਾਂ ਮੋਟੇ ਦਰੱਖਤਾਂ ਦੇ ਮੋਟੇ ਹਿੱਸੇ ਵੀ ਕੱਟ ਕੱਟ ਕੇ ਲੋਕ ਲੈ ਗਏ ਤੇ ਉਨ੍ਹਾਂ ਦੇ ਮੁੱਢ ਕਈ ਸਾਲ ਬਾਅਦ ਅੱਜ ਵੀ ਪਏ ਹਨ | ਉਨ੍ਹਾਂ ਰੇਲਵੇ ਦੇ ਉੱਚ ਅਧਿਕਾਰੀਆਂ ਤੋਂ ਝੁਕੇ ਹੋਏ ਦਰੱਖਤਾਂ ਦੀ ਕਟਾਈ ਕਰਨ ਤੇ ਡਿੱਗੇ ਪਏ ਦਰੱਖਤਾਂ ਦੇ ਮੋਟੇ ਹਿੱਸੇ ਚੁੱਕਣ ਦੀ ਮੰਗ ਕੀਤੀ ਹੈ |