ਮਾਨਸਾ, 19 ਜੁਲਾਈ (ਰਾਵਿੰਦਰ ਸਿੰਘ ਰਵੀ)-ਸਥਾਨਕ ਸ਼ਹਿਰ 'ਚ ਬੇਸਹਾਰਾ ਪਸ਼ੂਆਂ ਦੀ ਭਰਮਾਰ ਤੋਂ ਲੋਕ ਪ੍ਰੇਸ਼ਾਨ ਹਨ | ਗਲੀਆਂ-ਮੁਹੱਲਿਆਂ ਤੋਂ ਇਲਾਵਾ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਇਨ੍ਹਾਂ ਪਸ਼ੂਆਂ ਦੇ ਵੱਡੇ-ਵੱਡੇ ਝੁੰਡ ਹਰਲ-ਹਰਲ ਕਰਦੇ ਵੇਖੇ ਜਾ ਸਕਦੇ ਹਨ | ਰਾਤ ਸਮੇਂ ਨਵੀਂ ਅਨਾਜ ਮੰਡੀ ਕੋਲ ਸਿਰਸਾ-ਬਰਨਾਲਾ ਮੁੱਖ ਸੜਕ 'ਤੇ ਵੱਡੀ ਗਿਣਤੀ 'ਚ ਬੇਸਹਾਰਾ ਡੰਗਰ ਬੈਠੇ ਰਹਿੰਦੇ ਹਨ, ਜਿਸ ਕਰ ਕੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ | ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਨਜ਼ਦੀਕ ਵੀ ਪਸ਼ੂ ਇੱਧਰ-ਉੱਧਰ ਘੁੰਮਦੇ ਰਹਿੰਦੇ ਹਨ | ਇਸ ਨਾਲ ਇੱਧਰ ਲੰਘਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸ਼ਹਿਰ 'ਚ ਗੰਦਗੀ ਦੇ ਢੇਰਾਂ ਦੇ ਨਾਲ ਹੀ ਸਬਜ਼ੀ ਵਾਲੀਆਂ ਰੇਹੜੀਆਂ 'ਤੇ ਵੀ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ ਅਤੇ ਕਈ ਵਾਰ ਰੇਹੜੀ ਮਾਲਕਾਂ ਵਲੋਂ ਭਜਾਉਣ 'ਤੇ ਰਾਹ ਜਾਂਦੇ ਕਿਸੇ ਵਾਹਨ ਜਾਂ ਰਾਹਗੀਰਾਂ ਨਾਲ ਟਕਰਾਅ ਜਾਂਦੇ ਹਨ | ਸ਼ਹਿਰੀਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਅਵਾਰਾ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕ ਹਾਦਸਿਆਂ ਦਾ ਸ਼ਿਕਾਰ ਨਾ ਹੋਣ |