05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਮਾਨਵ, ਮਸ਼ੀਨ, ਕੁਦਰਤ ਤੇ ਅਦਬ ਦਾ ਸਮਤੋਲ ਜ਼ਰੂਰੀ-ਡਾ. ਆਤਮਜੀਤ <br/>

ਅਜੀਤ ਡੈਸਕ 20-07-2025
ਭੀਖੀ, 19 ਜੁਲਾਈ (ਬਲਕਾਰ ਸਿੰਘ ਸਹੋਤਾ)-ਏਸ਼ੀਅਨ ਲਿਟਰੇਰੀ ਐਂਡ ਕਲਚਰਲ ਫੌਰਮ ਯੂ. ਕੇ. ਵਲੋਂ ਸਾਊਥਾਲ (ਲੰਡਨ) ਵਿਖੇ ਕਰਵਾਏ ਜਾ ਰਹੇ ਦੂਜੇ ਅਦਬੀ ਮੇਲੇ ਦਾ ਉਦਘਾਟਨ ਵਿਸ਼ਵ ਪ੍ਰਸਿੱਧ ਨਾਟਕਕਾਰ ਡਾ. ਆਤਮਜੀਤ ਵਲੋਂ ਕੀਤਾ ਗਿਆ | ਦੁਨੀਆ ਭਰ 'ਚੋਂ ਪੁੱਜੇ ਸਾਹਿਤਕਾਰਾਂ, ਪਾਠਕਾਂ ਤੇ ਦਰਸ਼ਕਾਂ ਦਾ ਪ੍ਰੋਗਰਾਮ ਪ੍ਰਬੰਧਕ ਸ਼ਾਇਰ ਰਾਜਿੰਦਰਜੀਤ ਵਲੋਂ ਨਿੱਘਾ ਸਵਾਗਤ ਕੀਤਾ | ਮੇਲੇ ਦੇ ਮੁੱਖ ਪ੍ਰਬੰਧਕ ਪੰਜਾਬੀ ਸ਼ਾਇਰ ਅਜ਼ੀਮ ਸ਼ੇਖਰ ਨੇ ਅਦਬੀ ਮੇਲੇ ਦਾ ਮੁੱਖ ਮੰਤਵ ਤੇ ਇਸ ਦੀ ਰੂਪ ਰੇਖਾ ਬਾਰੇ ਤਫ਼ਸੀਲ ਨਾਲ ਦੱਸਿਆ | 'ਮਾਨਵ, ਮਸ਼ੀਨ, ਕੁਦਰਤ ਅਤੇ ਅਦਬ' ਵਿਸ਼ੇ 'ਤੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਡਾ. ਆਤਮਜੀਤ ਨੇ ਕਿਹਾ ਕਿ ਮਸ਼ੀਨ ਨੂੰ ਜੀਵਨ 'ਚੋਂ ਪੂਰੀ ਤਰ੍ਹਾਂ ਖ਼ਾਰਜ ਨਹੀਂ ਕੀਤਾ ਜਾ ਸਕਦਾ | ਬਾਹਰੀ ਕੁਦਰਤ ਨੂੰ ਖ਼ਾਰਜ ਕਰਨਾ ਵੀ ਨਹੀਂ ਚਾਹੀਦਾ ਅਤੇ ਅੰਦਰਲੀ ਕੁਦਰਤ 'ਤੇ ਕਾਬੂ ਪਾਉਣ ਦੀ ਲੋੜ ਹੈ | ਅਦਬ ਹਮੇਸ਼ਾ ਯਾਦ ਕਰਵਾਉਂਦਾ ਹੈ ਕਿ ਬਾਹਰੀ ਤੇ ਅੰਦਰੂਨੀ ਕੁਦਰਤ ਤੇ ਮਸ਼ੀਨ ਨਾਲ ਸਾਡਾ ਸਹਿਚਾਰੀ ਅਤੇ ਸੰਜੋਗੀ ਰਿਸ਼ਤਾ ਹੋਣਾ ਚਾਹੀਦਾ ਹੈ | ਨਾ ਅਸੀਂ ਇਨ੍ਹਾਂ ਦੇ ਗ਼ੁਲਾਮ ਬਣਨੇ ਚਾਹੀਦੇ ਹਾਂ ਤੇ ਨਾ ਹੀ ਇਨ੍ਹਾਂ ਨੂੰ ਗ਼ੁਲਾਮ ਬਣਾਉਣ ਦੀ ਇੱਛਾ ਹੋਣੀ ਚਾਹੀਦੀ | ਉਨ੍ਹਾਂ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਦਾ ਫ਼ਾਇਦਾ ਉਠਾਉਣ ਦੀ ਲੋੜ ਹੈ ਕਿਉਂਕਿ ਇਹ ਬਹੁਤ ਨਿਪੁੰਨ ਤਕਨਾਲੋਜੀ ਹੈ | ਨਕਲੀ ਤੇ ਬਨਾਵਟੀ ਲੋਕਾਂ ਨੂੰ ਇਸ ਤੋਂ ਡਰਨਾ ਚਾਹੀਦਾ ਹੈ ਪਰ ਸਿਰਜਣਾਤਮਿਕ ਲੋਕਾਂ ਨੂੰ ਇਸ ਤੋਂ ਕੋਈ ਚੁਣੌਤੀ ਨਹੀਂ ਬਲਕਿ ਨਵੇਂ ਰਸਤੇ ਖੋਲ੍ਹਣ ਲਈ ਮਦਦਗਾਰ ਸਾਬਤ ਹੋ ਸਕਦੀ ਹੈ | ਏ ਆਈ ਨਾ ਪੀੜਾ ਦੀ ਗਹਿਰਾਈ ਨੂੰ ਸਮਝਦੀ ਹੈ ਨਾ ਪ੍ਰੇਰਨਾ ਦੀ ਉਚਾਈ ਨੂੰ | ਮਾਨਵ ਤੇ ਅਦਬ ਦੋਹਾਂ ਦੇ ਗੌਰਵ ਨੂੰ ਅੱਜ ਵੀ ਉਹੀ ਰੁਤਬਾ ਹਾਸਲ ਹੈ ਜਿਹੜਾ ਕੱਲ੍ਹ ਸੀ ਅਤੇ ਇਸ ਦੇ ਹਮੇਸ਼ਾ ਬਣੇ ਰਹਿਣ ਲਈ ਯਤਨ ਕਰਦੇ ਰਹਿਣਾ ਹੀ ਜਿਉਂਦੇ ਹੋਣ ਦੀ ਨਿਸ਼ਾਨੀ ਹੈ | ਮੇਲੇ ਦੇ ਸੰਦਰਭ 'ਚ ਉਨ੍ਹਾਂ ਕਿਹਾ ਕਿ ਆਪਣੀ ਭਾਸ਼ਾ, ਮਾਂ-ਬੋਲੀ, ਸੱਭਿਆਚਾਰ, ਸਹਿਤ ਨੂੰ ਪ੍ਰਫੁੱਲਿਤ ਕਰਨ ਲਈ ਦੁਨੀਆ ਭਰ 'ਚ ਅਜਿਹੇ ਅਦਬੀ ਮੇਲੇ ਲੱਗਣੇ ਚਾਹੀਦੇ ਹਨ ਅਜਿਹੇ ਸਮਾਗਮ ਪੰਜਾਬ, ਪੰਜਾਬੀ, ਪੰਜਾਬੀਅਤ ਲਈ ਸ਼ੁੱਭ ਸ਼ਗਨ ਹਨ | ਮੇਲੇ ਦੇ ਮੀਡੀਆ ਇੰਚਾਰਜ ਸਤਪਾਲ ਭੀਖੀ ਨੇ ਕਿਹਾ ਕਿ ਅੱਜ ਦੇ ਅਗਲੇ ਚਿੰਤਨੀ ਸੈਸ਼ਨਾਂ 'ਚ ਪ੍ਰਸਿੱਧ ਪੰਜਾਬੀ ਆਲੋਚਕ ਡਾ. ਰਾਜਿੰਦਰਪਾਲ ਸਿੰਘ ਬਰਾੜ 'ਨਿਊ ਮੀਡੀਆ ਦੇ ਦੌਰ 'ਚ ਸਾਹਿਤ' ਦੀ ਭੂਮਿਕਾ ਬਾਰੇ ਅਤੇ ਨਾਟਕਕਾਰ ਆਲੋਚਕ ਡਾ. ਕੁਲਦੀਪ ਸਿੰਘ ਦੀਪ 'ਸਾਮਰਾਜੀ ਜੰਗਾਂ ਦੇ ਦੌਰ ਵਿਚ ਅਦਬ ਦੀ ਭੂਮਿਕਾ' ਵਿਸ਼ੇ 'ਤੇ ਸੰਬੋਧਨ ਕਰਨਗੇ | ਸ਼ਾਮ ਦਾ ਸੈਸ਼ਨ 'ਸ਼ਾਇਰੀ ਦੇ ਅੰਗ ਸੰਗ' ਹੋਵੇਗਾ, ਜਿਸ 'ਚ ਵਿਸ਼ਵ ਭਰ 'ਚੋਂ ਪਹੁੰਚੇ ਪੰਜਾਬੀ ਕਵੀ ਆਪਣੀ ਸ਼ਾਇਰੀ ਰਾਹੀਂ ਸਰੋਤਿਆਂ ਦੇ ਸਨਮੁੱਖ ਹੋਣਗੇ | ਰਾਤ ਦੇ ਸੈਸ਼ਨ 'ਚ ਡਾ. ਸੋਮਪਾਲ ਹੀਰਾ, ਸੁਰਜੀਤ ਪਾਤਰ ਦੀਆਂ ਕਵਿਤਾਵਾਂ 'ਤੇ ਆਧਾਰਿਤ ਪੰਜਾਬੀ ਨਾਟਕ 'ਭਾਸ਼ਾ ਵਹਿੰਦਾ ਦਰਿਆ' ਖੇਡਣਗੇ | ਮੇਲੇ ਵਿਚ ਦੁਨੀਆ ਭਰ 'ਚੋਂ ਸੌ ਤੋਂ ਵੱਧ ਸਾਹਿਤਕਾਰ ਸ਼ਾਮਿਲ ਹੋਏ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਬਲਾਕ ਪੱਧਰੀ ਇਕੱਤਰਤਾ <br/> ਅਗਲੀ ਖ਼ਬਰ ਬਲਜੀਤ ਸਿੰਘ ਦੀ 6 ਰੁਪਏ ਵਾਲੀ ਟਿਕਟ 'ਚੋਂ ਸਾਢੇ 4 ਲੱਖ ਦੀ ਨਿਕਲੀ ਲਾਟਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।