ਬੁਢਲਾਡਾ, 19 ਜੁਲਾਈ (ਸਵਰਨ ਸਿੰਘ ਰਾਹੀ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਬਲਾਕ ਬੁਢਲਾਡਾ ਦੀ ਇਕੱਤਰਤਾ ਬਲਾਕ ਪ੍ਰਧਾਨ ਮਹਿੰਦਰ ਸਿੰਘ ਗੁੜੱਦੀ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਇਲਾਕਾ ਬਾਰ੍ਹਾ ਵਿਖੇ ਹੋਈ | ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਗਾਗੋਵਾਲ ਤੇ ਕੁਲਦੀਪ ਸਿੰਘ ਚੱਕ ਭਾਈਕੇ ਚੇਅਰਮੈਨ ਅਨੁਸ਼ਾਸਨੀ ਕਮੇਟੀ ਪੰਜਾਬ ਨੇ ਪੰਜਾਬ ਸਰਕਾਰ ਵਲੋਂ ਲਿਆਂਦੀ ਜਾ ਰਹੀ ਲੈਂਡ ਪੋਲਿੰਗ ਨੀਤੀ ਦਾ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀਆਂ ਕੀਮਤਾਂ ਵਾਹੀ ਯੋਗ ਜ਼ਮੀਨਾਂ 'ਤੇ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀ ਪੰਜਾਬ ਲੀਡਰਸ਼ਿਪ ਦਿੱਲੀ ਤੋਂ ਸਿਆਸੀ ਅਤੇ ਸਮਾਜਿਕ ਤੌਰ 'ਤੇ ਪਿਟੇ ਹੋਏ ਨੇਤਾਵਾਂ ਦੀ ਕਠਪੁਤਲੀ ਬਣ ਚੁੱਕੀ ਹੈ, ਜਿਸ ਦੇ ਹੁਕਮਾਂ 'ਤੇ ਪੰਜਾਬ ਸਰਕਾਰ ਅਜਿਹੇ ਕਿਸਾਨ ਵਿਰੋਧੀ ਫ਼ੈਸਲੇ ਲੈ ਰਹੀ ਹੈ | ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼ਿੰਗਾਰਾ ਸਿੰਘ ਦੋਦੜਾ ਨੇ ਕਿਹਾ ਕਿ ਕਾਦੀਆਂ ਜਥੇਬੰਦੀ ਲੈਂਡ ਪੂਲਿੰਗ ਨੀਤੀ ਅਧੀਨ ਕਿਸਾਨਾਂ ਦੀ ਇਕ ਇੰਚ ਵੀ ਜ਼ਮੀਨ ਸਰਕਾਰ ਨੂੰ ਹੜੱਪਣ ਨਹੀਂ ਦੇਵਾਂਗੇ | ਬਲਾਕ ਸਕੱਤਰ ਜਨਰਲ ਹਰਦੀਪ ਸਿੰਘ ਚੱਕ ਭਾਈਕੇ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ ਨਿਰਦੇਸ਼ਾਂ ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਹਦਾਇਤ ਅਨੁਸਾਰ 24 ਅਗਸਤ ਨੂੰ ਅਨਾਜ ਮੰਡੀ ਮੁੱਲਾਂਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤੀ ਜਾ ਰਹੀ ਕਿਸਾਨ ਮਹਾਂ ਪੰਚਾਇਤ ਸਮੇਂ ਵੀ ਬਲਾਕ ਬੁਢਲਾਡਾ ਤੋਂ ਜਥੇਬੰਦੀ ਵਲੋਂ ਵੱਡੇ ਕਾਫ਼ਲੇ ਦੇ ਰੂਪ 'ਚ ਹਾਜ਼ਰੀ ਲਵਾਈ ਜਾਵੇਗੀ ਅਤੇ 30 ਜੁਲਾਈ ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਠੂਠਿਆਂਵਾਲੀ ਵਿਖੇ ਕੀਤੇ ਜਾਣ ਵਾਲੇ ਝੰਡਾ ਮਾਰਚ ਦੌਰਾਨ ਬਲਾਕ ਬੁਢਲਾਡਾ ਤੋਂ ਵੱਡੀ ਗਿਣਤੀ ਆਗੂ ਤੇ ਵਰਕਰ ਸ਼ਮੂਲੀਅਤ ਕਰਨਗੇ | ਇਸ ਮੌਕੇ ਗੁਰਜੰਟ ਸਿੰਘ ਸਤੀਕੇ, ਮਹਿੰਦਰ ਸਿੰਘ ਸਤੀਕੇ, ਰਾਮ ਸਿੰਘ, ਗੁਰਅੰਗਦ ਸਿੰਘ ਦੋਦੜਾ, ਨਛੱਤਰ ਸਿੰਘ ਗੁੜੱਦੀ, ਜਗਜੀਤ ਸਿੰਘ, ਗੁਰਜੰਟ ਸਿੰਘ ਚੱਕ ਭਾਈਕੇ, ਗੁਰਮੇਲ ਸਿੰਘ, ਗੁਰਜੰਟ ਸਿੰਘ ਕਾਲਾ, ਗਗਨਦੀਪ ਸਿੰਘ, ਅਮਰਜੀਤ ਕੌਰ ਸਤੀਕੇ ਆਦਿ ਹਾਜ਼ਰ ਸਨ |