ਭੀਖੀ, 17 ਜੁਲਾਈ (ਬਲਕਾਰ ਸਿੰਘ ਸਹੋਤਾ)-ਭੀਖੀ ਡਿਸਟ੍ਰੀਬਿਊਟਰੀ (ਨਹਿਰ) ਵਿਚ ਨੈਸ਼ਨਲ ਕਾਲਜ ਨੇੜੇ ਧਲੇਵਾਂ ਵਾਲੇ ਪੁਲ ਕੋਲ ਅਚਾਨਕ ਲਾਇਨਿੰਗ ਧਸਣ ਕਾਰਨ ਪਾਣੀ ਦਾ ਰਿਸਾਵ ਸ਼ੁਰੂ ਹੋ ਗਿਆ, ਪਰ ਕਿਸਾਨਾਂ ਦੀ ਮੁਸਤੈਦੀ ਕਾਰਨ ਵੱਡਾ ਪਾੜ ਪੈਣ ਤੋਂ ਬਚਾਅ ਹੋ ਗਿਆ, ਜਿਨ੍ਹਾਂ ਮੌਕੇ 'ਤੇ ਇਕੱਤਰ ਹੋ ਕੇ ਰੇਤੇ ਦੀਆਂ ਬੋਰੀਆਂ ਦਾ ਇੰਤਜ਼ਾਮ ਕੀਤਾ ਤੇ ਨਹਿਰੀ ਵਿਭਾਗ ਨੂੰ ਤੁਰੰਤ ਸੂਚਨਾ ਦਿੱਤੀ ਗਈ, ਜਿਸ 'ਤੇ ਕਾਰਵਾਈ ਕਰਦਿਆਂ ਨਹਿਰ 'ਚ ਪਾਣੀ ਦਾ ਪੱਧਰ ਘਟਾ ਦਿੱਤਾ ਗਿਆ | ਕਿਸਾਨ ਗੁਰਮੀਤ ਸਿੰਘ, ਅਵਤਾਰ ਸਿੰਘ ਵੈਦਮਾਨ, ਬੱਗਾ ਸਿੰਘ, ਅਮਰੀਕ ਸਿੰਘ ਵੈਦਮਾਨ, ਕਾਲਾ ਸਿੰਘ, ਦਰਸ਼ਨ ਸਿੰਘ ਨੇ ਦੱਸਿਆ ਕਿ ਇੱਥੋਂ ਨਹਿਰ ਦੀ ਚਿਣਾਈ ਅਤੇ ਪਟੜੀ ਦਾ ਕਾਫ਼ੀ ਲੰਮੇ ਸਮੇਂ ਤੋਂ ਬੁਰਾ ਹਾਲ ਹੈ ਅਤੇ ਇਕ ਵਾਰ ਨਹਿਰ ਪਹਿਲਾਂ ਵੀ ਲੀਕ ਹੋਈ ਸੀ | ਉਨ੍ਹਾਂ ਕਿਹਾ ਕਿ ਸਵੇਰ ਤੋਂ ਅਸੀਂ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਫ਼ੋਨ 'ਤੇ ਵਾਰ-ਵਾਰ ਸੂਚਿਤ ਕਰ ਰਹੇ ਹਾਂ ਪਰ ਹਾਲੇ ਤੱਕ ਕੋਈ ਅਧਿਕਾਰੀ ਨਹੀਂ ਪੁੱਜਾ | ਇਸ ਮੌਕੇ ਮੱਖਣ ਸਿੰਘ, ਸਿਮਰਾ ਸਿੰਘ, ਅਵਤਾਰ ਸਿੰਘ ਮਿਸਤਰੀ, ਹਨੀ ਸਿੰਘ ਆਦਿ ਹਾਜ਼ਰ ਸਨ | ਉੱਧਰ ਸਬੰਧਿਤ ਜੇ. ਈ. ਸਾਹਿਲ ਕੁਮਾਰ ਨੇ ਦੱਸਿਆ ਕਿ ਇਹ ਸਧਾਰਨ ਲੀਕੇਜ ਹੈ ਤੇ ਨਹਿਰ 'ਚੋਂ ਪਾਣੀ ਘੱਟ ਕਰ ਕੇ ਇਸ ਦੀ ਮੁਰੰਮਤ ਕੀਤੀ ਜਾਵੇਗੀ |
ਕਿਸਾਨਾਂ ਦੀ ਮੁਸਤੈਦੀ ਕਾਰਨ ਭੀਖੀ ਡਿਸਟ੍ਰੀਬਿਊਟਰੀ 'ਚ ਪਾੜ ਪੈਣ ਤੋਂ ਹੋਇਆ ਬਚਾਅ <br/>
ਅਜੀਤ ਡੈਸਕ
18-07-2025