ਭੀਖੀ, 16 ਜੁਲਾਈ (ਬਲਕਾਰ ਸਿੰਘ ਸਹੋਤਾ)-ਲੈਫ਼ਟੀਨੈਂਟ ਸ਼ਹੀਦ ਗੁਰਦੇਵ ਸਿੰਘ ਢਿੱਲੋਂ ਯਾਦਗਾਰੀ ਬੱਸ ਅੱਡਾ ਭੀਖੀ ਵਿਖੇ ਟੈਕਸੀ ਯੂਨੀਅਨ ਵਲੋਂ ਬੱਸ ਅੱਡੇ ਦੀ ਵਪਾਰਕ ਜ਼ਮੀਨ 'ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਨੂੰ ਰੋਕਣ ਲਈ ਨਗਰ ਪੰਚਾਇਤ ਬੇਵੱਸ ਜਾਪ ਰਹੀ ਹੈ | ਨਗਰ ਪੰਚਾਇਤ ਵਲੋਂ ਕਾਰਜ ਸਾਧਕ ਅਫ਼ਸਰ ਨਾ ਹੋਣ ਦੀ ਵਜ੍ਹਾ ਦੱਸ ਕੇ ਏ. ਡੀ. ਸੀ. (ਜ) ਨੂੰ ਬੱਸ ਅੱਡੇ 'ਚ ਟੈਕਸੀ ਯੂਨੀਅਨ ਵਲੋਂ ਮੰਦਿਰ 'ਤੇ ਨਾਂਅ 'ਤੇ ਕੀਤੀ ਜਾ ਰਹੀ ਨਾਜਾਇਜ਼ ਉਸਾਰੀ ਨੂੰ ਰੋਕਣ ਅਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਬੇਨਤੀ ਕੀਤੀ ਹੈ | ਵਿਭਾਗੀ ਸੂਤਰਾਂ ਅਨੁਸਾਰ ਨਗਰ ਪੰਚਾਇਤ ਪ੍ਰਧਾਨ, ਉਪ-ਪ੍ਰਧਾਨ ਅਤੇ 4 ਕੌਂਸਲਰਾਂ ਦੇ ਦਸਤਖਤਾਂ ਹੇਠ ਲਿਖੇ ਬੇਨਤੀ ਪੱਤਰ ਵਿਚ ਲਿਖਿਆ ਹੈ ਕਿ ਬੱਸ ਅੱਡੇ ਵਿਚ ਸ੍ਰੀ ਦਸਮੇਸ਼ ਜੀ ਵੈੱਲਫੇਅਰ ਸੁਸਾਇਟੀ ਭੀਖੀ ਯੂਨੀਅਨ ਦੇ ਪ੍ਰਧਾਨ ਅਤੇ ਮੈਂਬਰਾਂ ਵਲੋਂ ਨਗਰ ਪੰਚਾਇਤ ਭੀਖੀ ਦੀ ਬੱਸ ਸਟੈਂਡ ਵਾਲੀ ਜਗ੍ਹਾ ਉੱਪਰ ਮੰਦਿਰ ਦੇ ਨਾਂਅ 'ਤੇ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਹੈ, ਦਾ ਕੰਮ ਇਕ ਵਾਰ ਰੁਕਵਾ ਦਿੱਤਾ ਸੀ, ਪਰ ਯੂਨੀਅਨ ਵਲੋਂ ਮੁੜ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਕਾਰਜ ਸਾਧਕ ਅਫ਼ਸਰ ਨਾ ਹੋਣ 'ਤੇ ਨੋਟਿਸ ਨਹੀਂ ਦਿੱਤਾ ਜਾ ਸਕਦਾ | ਇਸ ਲਈ ਨਜਾਇਜ਼ ਉਸਾਰੀ ਤੁਰੰਤ ਹਟਾ ਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਹੈਰਾਨੀਜਨਕ ਇਹ ਹੈ ਕਿ ਬੇਸ਼ੱਕ ਨਗਰ ਪੰਚਾਇਤ ਪ੍ਰਧਾਨ ਏ.ਡੀ.ਸੀ. (ਜ) ਨੂੰ ਇਹ ਪੱਤਰ ਤਾਂ ਲਿਖ ਦਿੱਤਾ ਗਿਆ, ਪਰ ਸੋਚਣ ਵਾਲੀ ਗੱਲ ਹੈ ਕਿ ਜੇਕਰ ਕਾਰਜ ਸਾਧਕ ਅਫ਼ਸਰ ਨਹੀਂ ਤਾਂ ਪ੍ਰਧਾਨ, ਕੌਂਸਲਰ ਜਾਂ ਭਾਗ ਅਫ਼ਸਰ ਆਪਣੇ ਪੱਧਰ 'ਤੇ ਕੋਈ ਕਾਰਵਾਈ ਕਰਨ ਲਈ ਸਮਰੱਥ ਹਨ ਜਾ ਨਹੀਂ? ਕਾਬਲੇ-ਜ਼ਿਕਰ ਇਹ ਵੀ ਹੈ ਕਿ ਸ਼ਹਿਰ ਦਾ ਵਿਕਾਸ, ਨਿਰਮਾਣ ਅਤੇ ਨਕਸ਼ਿਆਂ ਆਦਿ ਕੰਮਾਂ ਨੂੰ ਦਫ਼ਤਰ ਦੀ ਵਰਕਸ ਬਰਾਂਚ ਦੇਖਦੀ ਹੈ ਅਤੇ ਇਸ ਦਾ ਮੁਖੀ ਭਾਗ ਅਫ਼ਸਰ (ਜੇ.ਈ.) ਹੁੰਦਾ ਹੈ, ਕੀ ਉਹ ਸਬੰਧਿਤ ਪਾਰਟੀ ਜਾਂ ਪੁਲਿਸ ਨੂੰ ਆਪਣੇ ਪੱਧਰ 'ਤੇ ਕਾਰਵਾਈ ਲਈ ਕੋਈ ਸੂਚਨਾ ਜਾ ਨੋਟਿਸ ਦੇਣ ਦੇ ਸਮਰੱਥ ਹੈ ਜਾਂ ਨਹੀਂ? ਨਗਰ ਪੰਚਾਇਤ ਦਫ਼ਤਰ ਵਲੋਂ ਏ.ਡੀ.ਸੀ. (ਜ) ਨੂੰ ਲਿਖਿਆ ਪੱਤਰ ਵੀ ਫਾਈਲ 'ਚ ਕਾਗ਼ਜ਼ਾਂ ਦਾ ਥੱਬਾ ਇਕੱਠਾ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ | ਜੇਕਰ ਲੋਕ ਨੁਮਾਇੰਦੇ (ਕੌਂਸਲਰ) ਜਾਂ ਨਗਰ ਪੰਚਾਇਤ ਪ੍ਰਸ਼ਾਸਨ ਦਾ ਇਰਾਦਾ ਸਕਾਰਾਤਮਿਕ ਅਤੇ ਇਮਾਨਦਾਰੀ ਵਾਲਾ ਹੁੰਦਾ ਤਾਂ ਕਿਸੇ ਦੀ ਜੁਰਅਤ ਨਹੀਂ ਕਿ ਉਹ ਨਗਰ ਪੰਚਾਇਤ ਦੀ ਮਹਿੰਗੀ ਵਪਾਰਕ ਜਗ੍ਹਾ 'ਤੇ ਕਬਜਾ ਕਰ ਲੈਂਦਾ | ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਪੱਤਰਕਾਰਾਂ ਵਲੋਂ ਮਾਮਲਾ ਡਿਪਟੀ ਕਮਿਸ਼ਨਰ ਮਾਨਸਾ ਦੇ ਧਿਆਨ 'ਚ ਲਿਆਉਣ 'ਤੇ ਹੀ ਥੋੜ੍ਹੀ ਬਹੁਤੀ ਕਾਰਵਾਈ ਕਰ ਕੇ ਇਕ ਵਾਰ ਇਮਾਰਤ ਦੇ ਨਿਰਮਾਣ ਨੂੰ ਰੋਕਿਆ ਗਿਆ ਹੈ |