25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸਿਵਲ ਹਸਪਤਾਲ ਮਾਨਸਾ 'ਚ ਡਾਕਟਰਾਂ ਤੇ ਹੋਰ ਅਮਲੇ ਦੀਆਂ ਅਸਾਮੀਆਂ ਖ਼ਾਲੀ ਹੋਣ ਕਰਕੇ ਲੋਕ ਹੋ ਰਹੇ ਖ਼ੱਜਲ਼-ਖ਼ੁਆਰ

ਅਜੀਤ ਡੈਸਕ 16-07-2025

ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 15 ਜੁਲਾਈ-ਸਿਵਲ ਹਸਪਤਾਲ ਮਾਨਸਾ 'ਚ ਮਾਹਿਰ ਡਾਕਟਰਾਂ ਤੇ ਹੋਰ ਅਮਲੇ ਦੀਆਂ ਅਸਾਮੀਆਂ ਖਾਲੀ ਹੋਣ ਕਰਕੇ ਲੋਕਾਂ ਨੂੰ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ਾਂ ਦੇ ਪੂਰੇ ਟੈੱਸਟ ਨਾ ਹੋਣ ਕਰਕੇ ਉਨ੍ਹਾਂ ਨੂੰ ਨਿੱਜੀ ਲੈਬਾਰਟਰੀਆਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ। ਦੱਸ ਦੇਈਏ ਕਿ ਪੈਰਾ ਮੈਡੀਕਲ ਸਟਾਫ਼ ਤੋਂ ਕਮੀ ਤੋਂ ਇਲਾਵਾ ਟੈੱਸਟ ਕਰਨ ਵਾਲੇ ਕਈ ਉਪਕਰਨ ਵੀ ਖ਼ਰਾਬ ਪਏ ਹਨ। ਲੋਕ ਕੈਲਸ਼ੀਅਮ, ਵਿਟਾਮਿਨ ਡੀ., ਥਾਇਰਾਇਡ, ਇਲੈਕਟੋਲਾਈਟ ਆਦਿ ਟੈੱਸਟਾਂ ਤੋਂ ਇਲਾਵਾ ਦੰਦਾਂ ਦਾ ਓ. ਪੀ. ਡੀ. ਐਕਸਰੇ ਪ੍ਰਾਈਵੇਟ ਲੈਬਾਰਟਰੀਆਂ ਤੋਂ ਕਰਵਾਉਣ ਲਈ ਮਜਬੂਰ ਹਨ। ਹਸਪਤਾਲ 'ਚ ਹੋਮਿਉਪੈਥੀ ਲੈਬ ਤੋਂ ਦਵਾਈ ਜ਼ਰੂਰ ਮਿਲਦੀ ਹੈ, ਪਰ 5 ਸਾਲਾਂ ਤੋਂ ਹੋਮਿਉਪੈਥੀ ਦਾ ਡਾਕਟਰ ਨਾ ਹੋਣ ਕਰ ਕੇ ਮਰੀਜ਼ ਨਿੱਜੀ ਹਸਪਤਾਲਾਂ ਤੋਂ ਇਲਾਜ ਕਰਵਾ ਰਹੇ ਹਨ। ਐਮਰਜੈਂਸੀ ਸੇਵਾਵਾਂ 'ਚ ਰਾਤ ਸਮੇਂ ਸੜਕ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਮਰੀਜ਼ ਵੱਡੀ ਗਿਣਤੀ 'ਚ ਆਉਂਦੇ ਹਨ, ਪਰ ਰੇਡੀਓਗ੍ਰਾਫਰ ਨਾ ਹੋਣ ਕਰਕੇ ਐਕਸਰੇ ਵਾਲੇ ਕਮਰੇ ਨੂੰ 2 ਵਜੇ ਤੋਂ ਬਾਅਦ ਜਿੰਦਰਾ ਲੱਗਾ ਜਾਂਦਾ ਹੈ। ਅਧਿਕਾਰੀ ਇਹ ਗੱਲ ਤਾਂ ਮੰਨਦੇ ਹਨ ਕਿ ਓ. ਪੀ. ਡੀ. ਤੋਂ ਬਾਅਦ ਐਕਸਰੇ ਰੂਮ ਨੂੰ ਬੰਦ ਕਰ ਦਿੱਤਾ ਜਾਂਦਾ ਹੈ, ਪਰ ਉਹ ਨਾਲ ਇਹ ਦਾਅਵਾ ਵੀ ਕਰਦੇ ਹਨ ਕਿ ਮਰੀਜ਼ਾਂ ਦੀ ਸਹੂਲਤ ਲਈ ਮੌਕੇ 'ਤੇ ਐਕਸਰੇ ਟੈਕਨੀਸ਼ਨ ਨੂੰ ਬੁਲਾ ਲਿਆ ਜਾਂਦਾ ਹੈ ਪਰ ਸੂਤਰਾਂ ਦਾ ਦੱਸਣਾ ਹੈ ਕਿ ਰਾਤ ਵੇਲੇ ਅਜਿਹਾ ਨਹੀਂ ਹੁੰਦਾ ਅਤੇ ਮਰੀਜ਼ਾਂ ਦੇ ਵਾਰਿਸਾਂ ਨੂੰ ਐਕਸਰੇ ਬਾਹਰੋਂ ਹੀ ਕਰਵਾਉਣੇ ਪੈਂਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਐਮਰਜੈਂਸੀ 'ਚੋਂ ਡਾਕਟਰ ਬਿਨਾਂ ਕਿਸੇ ਕਾਰਨ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ 'ਚ ਰੈਫ਼ਰ ਕਰ ਦਿੰਦੇ ਹਨ। ਸੀਨੀਅਰ ਮੈਡੀਕਲ ਅਫ਼ਸਰ ਤੋਂ ਇਲਾਵਾ ਮਾਨਸਿਕ ਰੋਗਾਂ, ਪੈਥੋਲੋਜਿਸਟ ਅਤੇ ਅੱਖਾਂ ਦੇ 1-1 ਡਾਕਟਰ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ। ਇਸੇ ਤਰ੍ਹਾਂ ਐੱਮ. ਡੀ. ਤੇ ਅਨਸਥੀਸੀਆ ਦੀਆਂ ਵੀ 2-2 ਅਸਾਮੀਆਂ ਤੇ ਬੱਚਿਆਂ ਦੇ ਮਾਹਿਰ ਡਾਕਟਰਾਂ ਦੀਆਂ 4 ਪੋਸਟਾਂ ਪੁਰ ਨਹੀਂ ਹਨ। ਸਟਾਫ਼ ਨਰਸਾਂ 41, ਨਰਸਿੰਗ ਸਿਸਟਰ-3, ਨਰਸਿੰਗ ਇੰਚਾਰਜ-1, ਐਮਰਜੈਂਸੀ ਸਟਾਫ਼ 5, ਸੁਪਰਡੈਂਟ, ਰੇਡੀਉਗ੍ਰਾਫਰ, ਚੀਫ਼ ਫਾਰਮਾਸਿਸਟ, ਫਾਰਮਾਸਿਸਟ ਤੋਂ ਇਲਾਵਾ ਟ੍ਰੈਂਡ ਦਾਈ 4, ਦਰਜਾ ਚਾਰ 21, ਮਾਲੀ, ਚੌਕੀਦਾਰ ਤੇ ਕੁੱਕ 3-3, ਧੋਬੀ 2 ਅਤੇ ਪਲੰਬਰ ਤੇ ਕਲੀਨਰ ਦੀਆਂ ਪੋਸਟਾਂ ਵੀ ਖ਼ਾਲੀ ਹਨ। ਲੈਬ ਤੇ ਬਲੱਡ ਬੈਂਕ ਲਈ ਲੈਬ ਟੈਕਨੀਸ਼ੀਅਨਾਂ ਦੀਆਂ 6 ਪੋਸਟਾਂ ਮਨਜ਼ੂਰ ਹਨ ਪਰ ਨਿਯੁਕਤ ਸਿਰਫ਼ 3 ਲੈਬ ਟੈਕਨੀਸ਼ੀਅਨ ਹੀ ਹਨ। ਮੈਡੀਕਲ ਤੇ ਡੋਪ ਟੈੱਸਟ ਕਰਵਾਉਣ ਵਾਲੇ ਹੁੰਦੇ ਨੇ ਪ੍ਰੇਸ਼ਾਨ- ਡੋਪ ਟੈੱਸਟ ਤੇ ਮੈਡੀਕਲ ਕਰਵਾਉਣ ਵਾਲਿਆਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਸਪਤਾਲ 'ਚ ਹੀ ਨਹੀਂ ਬਲਕਿ ਜ਼ਿਲ੍ਹੇ ਦੇ ਕਿਸੇ ਵੀ ਹਸਪਤਾਲ 'ਚ ਅੱਖਾਂ ਦਾ ਮਾਹਿਰ ਡਾਕਟਰ ਨਹੀਂ ਹੈ। ਡੋਪ ਟੈਸਟ ਤੇ ਮੈਡੀਕਲ ਦੀ ਪ੍ਰਕਿਰਿਆ ਇਸੇ ਕਰਕੇ ਅੱਧ ਵਿਚਾਲੇ ਲਟਕ ਜਾਂਦੀ ਹੈ ਕਿ ਉਨ੍ਹਾਂ ਦੀਆਂ ਅੱਖਾਂ ਦੀ ਜਾਂਚ ਨਹੀਂ ਹੁੰਦੀ। ਇਹ ਜਾਂਚ ਕਰਵਾਉਣ ਲਈ ਸਬੰਧਿਤ ਵਿਅਕਤੀ ਨੂੰ 50 ਕਿੱਲੋਮੀਟਰ ਦੂਰ ਬਰਨਾਲੇ ਜਾਂ ਤਪਾ ਮੰਡੀ ਦੇ ਹਸਪਤਾਲ ਜਾਣਾ ਪੈਂਦਾ ਹੈ। ਕਈ ਵਾਰ ਡਾਕਟਰ ਦੀ ਛੁੱਟੀ ਹੋਣ ਕਰਕੇ ਉਹ ਉੱਥੋਂ ਦੀ ਖ਼ਾਲੀ ਹੱਥ ਮੁੜਦੇ ਹਨ। ਲੋਕਾਂ ਦੀ ਮੰਗ ਹੈ ਕਿ ਅਸਾਮੀਆਂ ਤੁਰੰਤ ਪੁਰ ਕੀਤੀਆਂ ਜਾਣ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅੱਖਾਂ ਦਾ ਡਾਕਟਰ ਜੇਕਰ ਪੱਕੇ ਤੌਰ 'ਤੇ ਤਾਇਨਾਤ ਨਹੀਂ ਹੁੰਦਾ ਤਾਂ ਉਨ੍ਹਾਂ ਸਮਾਂ ਮੈਡੀਕਲ ਤੇ ਡੋਪ ਟੈੱਸਟ ਲਈ ਨਿਰਧਾਰਿਤ ਕੀਤੇ 2 ਦਿਨਾਂ ਲਈ ਆਰਜ਼ੀ ਡਾਕਟਰ ਦਾ ਪ੍ਰਬੰਧ ਕੀਤਾ ਜਾਵੇ। ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਅਸਾਮੀਆਂ ਪੁਰ ਕਰਨ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਅੱਖਾਂ ਦੇ ਡਾਕਟਰ ਦਾ ਹਫ਼ਤੇ 'ਚ 2 ਦਿਨ ਲਈ ਡੈਪੂਟੇਸ਼ਨ ਕਰਵਾ ਲਿਆ ਜਾਵੇਗਾ, ਜਿਸ ਸਬੰਧੀ ਰਿਪੋਰਟ ਡਾਇਰੈਕਟਰ ਸਿਹਤ ਵਿਭਾਗ ਨੂੰ ਭੇਜੀ ਗਈ ਹੈ।

 

 

ਪਿਛਲੀ ਖ਼ਬਰ ਅੱਜ ਦੂਸਰੇ ਦਿਨ ਸਰਪੰਚੀ ਲਈ 2 ਅਤੇ ਪੰਚੀ ਲਈ 11 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ- ਵਧੀਕ ਡਿਪਟੀ ਕਮਿਸ਼ਨਰ ਅਗਲੀ ਖ਼ਬਰ ਪਿੰਡ ਖੁਡਾਲ ਕਲਾਂ 'ਚ ਬੂਟੇ ਲਗਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।