ਬੋਹਾ, 15 ਜੁਲਾਈ (ਰਮੇਸ਼ ਤਾਂਗੜੀ)-ਪਿੰਡ ਬੀਰੇਵਾਲਾ ਡੋਗਰਾ ਵਿਖੇ ਨੌਜਵਾਨ ਮਨਜਿੰਦਰ ਸਿੰਘ ਦੀ ਅਗਵਾਈ ਹੇਠ ਹਰ ਰੋਜ਼ ਬੂਟੇ ਲਗਾਉਣ ਦਾ ਸਿਲਸਿਲਾ ਜਾਰੀ ਹੈ | ਨੌਜਵਾਨਾਂ ਨੇ ਦੱਸਿਆ ਕਿ ਪੰਜਾਬ ਦੀਆਂ ਪ੍ਰਾਈਵੇਟ ਨਰਸਰੀਆਂ ਵਿਚੋਂ ਉਹ ਮਹਿੰਗੇ ਮੁੱਲ 'ਤੇ ਪੌਦੇ ਖ਼ਰੀਦਦੇ ਹਨ ਜਦਕਿ ਦੂਜੇ ਪਾਸੇ ਹਰਿਆਣਾ ਸਰਕਾਰ ਵਲੋਂ ਚਲਾਈ ਮੁਹਿੰਮ ਤਹਿਤ ਉਹ 50 ਬੂਟੇ ਹਰ ਰੋਜ਼ ਪਿੰਡ-ਪਿੰਡ ਦਿੰਦੇ ਹਨ, ਜਿਸ ਨੂੰ ਉਨ੍ਹਾਂ ਦੀ ਟੀਮ ਰੋਜ਼ਾਨਾ ਪ੍ਰਾਪਤ ਕਰ ਕੇ ਪਿੰਡ ਦੇ ਖੇਡ ਮੈਦਾਨ, ਸਕੂਲ ਅਤੇ ਮਿੱਟੀ ਕਟਾਅ ਦੇ ਖੇਤਰ 'ਚ ਲਗਾਉਂਦੇ ਹਨ | ਲਖਵਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ, ਬਬਲੀ ਸਿੰਘ ਅਤੇ ਸੰਦੀਪ ਸਿੰਘ ਨੇ ਕਿਹਾ ਕਿ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਵਧੇਰੇ ਬੂਟੇ ਲਗਾਉਣੇ ਚਾਹੀਦੇ ਹਨ | ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਉਨ੍ਹਾਂ ਨੂੰ ਟਾਹਲੀ, ਨਿੰਮ, ਡੇਕ, ਸਹਿਤੂਤ, ਜਾਮਣ, ਸਫ਼ੈਦਾ, ਬੋਹੜ, ਪਿੱਪਲ, ਸਾਹਜਣਾ ਸਮੇਤ ਨਿੰਬੂ, ਅੰਬ ਤੇ ਹੋਰ ਫਲਾਂ ਦੇ ਬੂਟੇ ਉਪਲਬਧ ਕਰਵਾਏ ਤਾਂ ਜੋ ਉਹ ਆਪਣੇ ਖੇਤਰ 'ਚ ਮਿੱਟੀ ਖੁਰਨ ਤੋਂ ਬਚਾਅ ਸਕਣ |