ਬਠਿੰਡਾ, 15 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਬਠਿੰਡਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਗੁਰਵਿੰਦਰ ਸਿੰਘ ਸਿੱਧੂ ਤੇ ਸ਼ਗਨਦੀਪ ਕੌਰ ਸਿੱਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਸਾਢੇ ਤਿੰਨ ਸਾਲ ਪਹਿਲਾਂ ਦਰਜ ਹੋਏ ਐਕਸਾਈਜ਼ ਐਕਟ ਦੇ ਮਾਮਲੇ ਵਿਚੋਂ ਇਕ ਵਿਅਕਤੀ ਨੂੰ ਬਾਇੱਜ਼ਤ ਬਰੀ ਕਰ ਦਿੱਤਾ | ਜ਼ਿਕਰਯੋਗ ਹੈ ਕਿ ਥਾਣਾ ਸਦਰ ਬਠਿੰਡਾ ਦੀ ਪੁਲਿਸ ਨੂੰ ਮੁਖ਼ਬਰੀ ਹੋਈ ਕਿ ਰਾਜ ਕੁਮਾਰ ਵਾਸੀ ਬੀੜ ਤਲਾਬ ਆਪਣੇ ਘਰ ਅੰਦਰ ਨਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਆਦਿ ਹੈ, ਜਿਸ ਮਗਰੋਂ ਪੁਲਿਸ ਨੇ ਛਾਪੇਮਾਰੀ ਕਰਕੇ ਉਸ ਦੇ ਘਰੋਂ ਚਾਲੂ ਭੱਠੀ ਸਮੇਤ ਲਾਹਨ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ | ਪੁਲਿਸ ਮੁਤਾਬਿਕ ਉਸ ਕੋਲੋਂ 10 ਲੀਟਰ ਵਾਲੀ ਪਲਾਸਟਿਕ ਦੀ ਇਕ ਕੈਂਨੀ, ਜਿਸ ਵਿਚ ਪੌਣੇ 10 ਬੋਤਲਾਂ ਨਜਾਇਜ਼ ਸ਼ਰਾਬ ਅਤੇ 40 ਲੀਟਰ ਲਾਹਣ, ਅੱਧ ਜਲੀਆਂ ਲੱਕੜਾਂ, ਇਕ ਚੱਪਣ ਜਿਸ ਵਿਚ ਰਸੀਵਰ ਪਾਈਪ ਫਿੱਟ ਕੀਤੀ ਹੋਈ ਸੀ, ਇਕ ਸਿਲਵਰ ਦੀ ਬਾਲਟੀ, ਚੱਪਣ ਆਦਿ ਬਰਾਮਦ ਹੋਏ, ਜਿਸ ਮਗਰੋਂ ਪੁਲਿਸ ਨੇ ਮੌਕੇ ਤੋਂ ਇਕ ਮੋਨੇ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦੀ ਗੱਲ ਕਹੀ, ਜਿਸ ਦਾ ਨਾਂਅ ਰਾਜ ਕੁਮਾਰ ਦੱਸਿਆ ਗਿਆ | ਪੁਲਿਸ ਨੇ 26 ਦਸੰਬਰ 2021 ਨੂੰ ਰਾਜ ਕੁਮਾਰ ਦੇ ਖਿਲਾਫ ਧਾਰਾ 61/1/14 ਐਕਸਾਇਜ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਸੀ, ਪਰ ਹੁਣ ਅਦਾਲਤ ਨੇ ਰਾਜ ਕੁਮਾਰ ਨੂੰ ਉਕਤ ਦੋਸ਼ਾਂ 'ਚੋਂ ਬਰੀ ਕਰਕੇ ਰਾਹਤ ਦਿੱਤੀ ਹੈ |