ਸ੍ਰੀ ਮੁਕਤਸਰ ਸਾਹਿਬ, 19 ਨਵੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਹਦਾਇਤਾਂ ਅਨੁਸਾਰ ਸੰਵਿਧਾਨ ਦਿਵਸ ਦੇ ਸੰਬੰਧ 'ਚ ਬਾਵਾ ਕਿਸ਼ਨ ਸਿੰਘ ਤੇ ਬਾਵਾ ਸੰਤ ਸਿੰਘ ਮੈਮੋਰੀਅਲ ਜ਼ਿਲ੍ਹਾ ਸਿਵਲ ਹਸਤਪਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਿਵਿਆਂਗ ਸਰਟੀਫ਼ਿਕੇਟ ਤੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਸੰਬੰਧੀ ਕੈਂਪ ਲਗਾਇਆ ਗਿਆ | ਇਸ ਮੌਕੇ ਸੀ.ਜੇ.ਐੱਮ. ਤੇ ਸਕੱਤਰ ਹਿਮਾਂਸ਼ੂ ਅਰੋੜਾ ਵਲੋਂ ਹਾਜ਼ਰ ਦਿਵਿਆਂਗ ਬੱਚਿਆਂ ਦੇ ਸਰਟੀਫ਼ਿਕੇਟ ਤੇ ਯੂ.ਡੀ.ਆਈ.ਡੀ. ਕਾਰਡ ਬਣਾਏ ਗਏ | ਸਿਵਲ ਸਰਜਨ ਡਾ. ਰਾਜ ਕੁਮਾਰ ਵਲੋਂ ਦਿਵਿਆਂਗ ਬੱਚਿਆਂ ਦੇ ਸਰਟੀਫ਼ਿਕੇਟ ਤੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਮਾਹਿਰ ਡਾਕਟਰਾਂ ਦੀ ਟੀਮ ਦਾ ਗਠਨ ਕੀਤਾ ਗਿਆ, ਜਿਸ 'ਚ ਡਾ. ਅਰਪਨਦੀਪ ਸਿੰਘ, ਡਾ. ਮਨਜੋਤ ਸਿੰਘ ਭੌਰਾ, ਡਾ. ਪਰਮਦੀਪ ਸਿੰਘ ਸੰਧੂ, ਡਾ. ਗੁਰਮੀਤ ਕੌਰ ਭੰਡਾਰੀ, ਡਾ. ਹਰਸ਼ਪ੍ਰੀਤ ਕੌਰ ਮਹਿੰਦਰਾ, ਡਾ. ਰਾਹੁਲ ਜਿੰਦਲ, ਰਵਿੰਦਰ ਕੌਰ ਤੇ ਅੰਜੂ ਬਾਲਾ ਸ਼ਾਮਿਲ ਸਨ | ਇਸ ਟੀਮ ਵਲੋਂ ਵੀ ਦਿਵਿਆਂਗ ਬੱਚਿਆਂ ਤੇ ਵਿਅਕਤੀਆਂ ਨੂੰ ਚੈੱਕਅਪ ਕਰਕੇ ਮੌਕੇ 'ਤੇ ਸਰਟੀਫ਼ਿਕੇਟ ਜਾਰੀ ਕੀਤੇ ਗਏ | ਇਸ ਮੌਕੇ ਨਸ਼ਿਆਂ, ਲੋਕ ਅਦਾਲਤਾਂ, ਸਥਾਈ ਲੋਕ ਅਦਾਲਤਾਂ, ਅਪਰਾਧ ਪੀੜਤਾਂ ਸਕੀਮ ਸੰਬੰਧੀ ਤੇ ਹੋਰ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ | ਸੀ.ਜੇ.ਐੱਮ. ਹਿਮਾਂਸ਼ੂ ਅਰੋੜਾ ਨੇ ਦੱਸਿਆ ਕਿ ਜੇਕਰ ਕਿਸੇ ਵੀ ਦਿਵਿਆਂਗ ਦਾ ਸਰਟੀਫ਼ਿਕੇਟ ਨਹੀਂ ਬਣਿਆ, ਉਹ ਇਸ ਸੰਬੰਧੀ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਹਰ ਬੁੱਧਵਾਰ ਨੂੰ ਸਰਟੀਫ਼ਿਕੇਟ ਬਣਵਾ ਸਕਦਾ ਹੈ ਤੇ ਜੇਕਰ ਕਿਸੇ ਨੂੰ ਕਿਸੇ ਕਿਸਮ ਦੀ ਦਿੱਕਤ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਦਫ਼ਤਰ ਨਾਲ ਰਾਬਤਾ ਕਾਇਮ ਕਰ ਸਕਦਾ ਹੈ ਅਤੇ ਨਾਲਸਾ ਦੇ ਟੋਲ ਫ਼ਰੀ 15100 'ਤੇ ਵੀ ਕਾਲ ਕਰ ਸਕਦਾ ਹੈ | ਇਸ ਮੌਕੇ ਪ੍ਰਚਾਰ ਸਮੱਗਰੀ ਵੀ ਵੰਡੀ ਗਈ |