ਜੈਤੋ, 19 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸੀਨੀਅਰ ਅਕਾਲੀ ਆਗੂ ਤੇ ਨਗਰ ਕੌਂਸਲ ਜੈਤੋ ਦੇ ਸਾਬਕਾ ਪ੍ਰਧਾਨ ਯਾਦਵਿੰਦਰ ਸਿੰਘ ਜ਼ੈਲਦਾਰ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ ਵੜਿੰਗ ਡੋਡ ਅਤੇ ਨੌਜਵਾਨ ਅਕਾਲੀ ਆਗੂ ਜਸਪਾਲ ਸਿੰਘ ਕਾਂਟਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਆਗੂਆਂ ਤੇ ਵਰਕਰਾਂ ਨੇ ਤਰਨ-ਤਾਰਨ ਦੀ ਉਪ ਚੋਣ 'ਚ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਨੇ ਪਾਰਟੀ ਵਰਕਰਾਂ ਵਿਚ ਪੂਰਾ ਜੋਸ਼ ਪੈਦਾ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਨੇ ਜ਼ਮੀਨੀ ਪੱਧਰ 'ਤੇ ਮਿਹਨਤ ਕਰਕੇ ਵੋਟਰਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤਾਂ ਹੀ ਤਰਨ-ਤਾਰਨ ਦੀ ਉਪ ਚੋਣ 'ਚ ਅਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਵੱਡਾ ਸਮਰਥਨ ਮਿਲਿਆ ਹੈ | ਉਨ੍ਹਾਂ ਕਿਹਾ ਕਿ ਅਕਾਲੀ ਵਰਕਰਾਂ ਨੇ ਪਿੰਡ-ਪਿੰਡ ਵਿਚ ਜਾ ਕੇ ਕੀਤੀਆਂ ਮੀਟਿੰਗਾਂ, ਜਨ-ਸੰਪਰਕ ਮੁਹਿੰਮ ਅਤੇ ਵੋਟਰਾਂ ਦੀਆਂ ਸਥਾਨਕ ਸਮੱਸਿਆਵਾਂ ਨੂੰ ਨਜ਼ਦੀਕ ਤੋਂ ਸਮਝਣ ਕਾਰਨ ਹੀ ਪਾਰਟੀ ਨੂੰ ਵੱਡੇ ਪੱਧਰ 'ਤੇ ਫ਼ਾਇਦਾ ਹੋਇਆ ਹੈ¢ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਅੱਜ ਵੀ ਅਕਾਲੀ ਦਲ (ਬ) ਸਰਕਾਰ ਮੌਕੇ ਮਿਲੀਆਂ ਸਹੂਲਤਾਂ ਨੂੰ ਯਾਦ ਕਰ ਰਹੇ ਹਨ ਤੇ ਸੰਨ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ (ਬ) ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ 'ਚ ਜਿਤਾ ਕੇ ਸਰਕਾਰ ਬਣਾਉਣ ਲਈ ਉਤਾਵਲੇ ਹਨ |