ਸ੍ਰੀ ਮੁਕਤਸਰ ਸਾਹਿਬ, 7 ਨਵੰਬਰ (ਰਣਜੀਤ ਸਿੰਘ ਢਿੱਲੋਂ)-ਕਿਰਤੀ ਕਿਸਾਨ ਯੂਨੀਅਨ ਤੇ ਕੌਮੀ ਕਿਸਾਨ ਯੂਨੀਅਨ ਵਲੋਂ ਸ੍ਰੀ ਮੁਕਤਸਰ ਸਾਹਿਬ ਤੋਂ ਫ਼ਿਰੋਜ਼ਪੁਰ ਰੋਡ ਨੂੰ ਮੁਕੰਮਲ ਕਰਵਾਉਣ ਲਈ ਪਿੰਡ ਬੂੜਾ ਗੁੱਜਰ ਵਿਖੇ ਪਿੰਡ ਵਾਸੀਆਂ ਤੇ ਇਲਾਕੇ ਵਾਸੀਆਂ ਦੇ ਸਹਿਯੋਗ ਨਾਲ ਧਰਨਾ ਲਗਾਇਆ ਗਿਆ, ਜਿਸ ਦੌਰਾਨ ਸੜਕ ਨੂੰ ਲੰਬੇ ਸਮੇਂ ਤੱਕ ਮੁਕੰਮਲ ਤੌਰ 'ਤੇ ਜਾਮ ਕੀਤਾ ਗਿਆ | ਮੌਕੇ 'ਤੇ ਪ੍ਰਸ਼ਾਸਨਿਕ ਅਧਿਕਾਰੀ ਤਹਿਸੀਲਦਾਰ ਡਾ. ਗੁਰਪ੍ਰੀਤ ਸਿੰਘ, ਡੀ.ਐੱਸ.ਪੀ. ਅਮਨਦੀਪ ਸਿੰਘ ਤੇ ਪੀ.ਡਬਲਯੂ.ਡੀ. ਦੇ ਐੱਸ.ਡੀ.ਓ. ਹਰਜਿੰਦਰ ਸਿੰਘ ਨੇ ਸੜਕ ਦਾ ਕੰਮ 20 ਨਵੰਬਰ ਤੱਕ ਸ਼ੁਰੂ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਧਰਨਾ ਉਠਾਇਆ ਗਿਆ | ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ-ਫ਼ਿਰੋਜ਼ਪੁਰ ਨੈਸ਼ਨਲ ਹਾਈਵੇਅ ਸੜਕ ਦਾ ਕੰਮ ਲੰਬੇ ਸਮੇਂ ਤੋਂ ਲਟਕਿਆ ਆ ਰਿਹਾ ਹੈ | ਪਿਛਲੇ ਦਿਨੀਂ ਕਿਰਤੀ ਕਿਸਾਨ ਯੂਨੀਅਨ ਵਲੋਂ ਦਿਨ-ਰਾਤ ਦਾ ਧਰਨਾ ਪਿੰਡ ਲੁਬਾਣਿਆਂਵਾਲੀ ਕੋਲ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸੜਕ ਮਹਿਕਮਾ ਹਰਕਤ 'ਚ ਆਇਆ ਤੇ ਕੁੱਝ ਦਿਨਾਂ ਤੱਕ ਫ਼ਿਰੋਜ਼ਪੁਰ ਤੋਂ ਸ੍ਰੀ ਮੁਕਤਸਰ ਸਾਹਿਬ ਸੜਕ ਬਣਾਉਣ ਦਾ ਕੰਮ ਚਾਲੂ ਕੀਤਾ ਗਿਆ ਸੀ, ਪਰ ਫ਼ਿਰ ਅਚਾਨਕ ਕੰਮ ਨੂੰ ਬੰਦ ਕਰ ਦਿੱਤਾ ਗਿਆ | ਜਥੇਬੰਦੀਆਂ ਦੇ ਆਗੂਆਂ ਵਲੋਂ ਮਸਲੇ ਨੂੰ ਵਾਰ-ਵਾਰ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਜੋ ਸੜਕ ਬਣਾਉਣ ਦਾ ਰੁਕਿਆ ਹੋਇਆ ਕੰਮ ਦੁਬਾਰਾ ਚਾਲੂ ਹੋ ਸਕੇ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਟਸ ਤੋਂ ਮਸ ਨਾ ਹੋਇਆ | ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਲੰਡੇਰੋਡੇ ਤੇ ਕੌਮੀ ਕਿਸਾਨ ਯੂਨੀਅਨ ਦੇ ਆਗੂ ਜਸਕਰਨ ਸਿੰਘ ਬੂੜਾ ਗੁੱਜਰ ਨੇ ਦੱਸਿਆ ਕਿ ਵੱਡੇ-ਵੱਡੇ ਟੋਇਆਂ 'ਤੇ ਮਿੱਟੀ ਨਾਲ ਭਰੀ ਪਈ ਸੜਕ ਦੀ ਬੇਹੱਦ ਮੰਦੀ ਹਾਲਤ ਕਰਕੇ ਸੜਕ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਜਿਊਣਾ ਦੁੱਬਰ ਹੋਇਆ ਪਿਆ ਹੈ | ਪਿਛਲੇ ਦਿਨੀਂ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਕਰਕੇ ਕਈ ਕੀਮਤੀ ਜਾਨਾਂ ਵੀ ਚਲੀਆਂ ਗਈਆਂ | ਇਸ ਸਮੇਂ ਜ਼ਿਲ੍ਹਾ ਆਗੂ ਜਸਵੀਰ ਸਿੰਘ ਸਰਾਏਨਾਗਾ, ਦਵਿੰਦਰ ਸਿੰਘ ਲੁਬਾਣਿਆਂਵਾਲੀ, ਜਸਵੰਤ ਸਿੰਘ ਡੋਡਾਂਵਾਲੀ, ਜਗਦੇਵ ਸਿੰਘ ਸੰਗਰਾਣਾ ਤੇ ਜਗਸੀਰ ਸਿੰਘ ਸੱਕਾਂਵਾਲੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ, ਪਰ ਵਾਅਦੇ ਵਫ਼ਾ ਨਹੀਂ ਹੋਏ | ਉਨ੍ਹਾਂ ਕਿਹਾ ਕਿ ਪਰਾਲੀ ਦੇ ਮੁੱਦੇ ਨੂੰ ਲੈ ਕੇ ਕਿਸਾਨਾਂ 'ਤੇ ਪਰਚੇ ਦਰਜ ਕਰਨ ਲਈ ਪੂਰਾ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਪਿਆ ਹੈ | ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸੜਕ ਬਣਾਉਣ ਦਾ ਕੰਮ 20 ਨਵੰਬਰ ਤੱਕ ਸ਼ੁਰੂ ਨਾ ਕੀਤਾ ਤਾਂ ਲੋਕਾਂ ਨੂੰ ਮੁੜ ਤੇਜ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ | ਇਸ ਸਮੇਂ ਜਸਪਾਲ ਸਿੰਘ ਬੂੜਾ ਗੁੱਜਰ, ਲੱਖਾ ਵੜਿੰਗ, ਗੁਰਮੀਤ ਸਿੰਘ ਸੰਗਰਾਣਾ, ਬਲਕਰਨ ਸਿੰਘ ਵੜਿੰਗ, ਭੁਪਿੰਦਰ ਸਿੰਘ ਥਾਂਦੇਵਾਲਾ, ਕੁਲਵੰਤ ਸਿੰਘ, ਗੁਰਮੇਲ ਸਿੰਘ, ਜੁਗਰਾਜ ਸਿੰਘ ਲੁਬਾਣਿਆਂਵਾਲੀ, ਕਾਹਨ ਸਿੰਘ, ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ ਮਨੀ, ਜਸਵੀਰ ਸਿੰਘ ਡਾਕਟਰ ਆਦਿ ਹਾਜ਼ਰ ਸਨ |