ਲੰਬੀ, 18 ਜੁਲਾਈ (ਮੇਵਾ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਮਈ 2025 'ਚ ਹੋਈ ਪ੍ਰੀਖਿਆ ਬੀ. ਏ. ਸਮੈਸਟਰ ਛੇਵੇਂ ਦੇ ਐਲਾਨ ਕੀਤੇ ਨਤੀਜੇ ਅਨੁਸਾਰ ਪੰਜਾਬ ਯੂਨੀਵਰਸਿਟੀ ਕੰਸਟੀਚੂਐਂਟ ਕਾਲਜ ਸਿੱਖਵਾਲਾ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਵਿਦਿਆਰਥਣ ਪਰਮਜੀਤ ਕੌਰ ਨੇ 75 ਫੀਸਦੀ, ਜੋਤੀ ਨੇ 74.41 ਫੀਸਦੀ ਤੇ ਦਰੋਪਦੀ ਨੇ 73.79 ਫੀਸਦੀ ਨੰਬਰ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਪਿ੍ੰਸੀਪਲ ਡਾ. ਇਕਬਾਲ ਸਿੰਘ ਸੰਧੂ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ 'ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਕਾਲਜ ਦੇ 80 ਫੀਸਦੀ ਵਿਦਿਆਰਥੀਆਂ ਨੇ ਫਸਟ ਡਵੀਜ਼ਨ 'ਚ ਇਹ ਪ੍ਰੀਖਿਆ ਪਾਸ ਕੀਤੀ | ਉਨ੍ਹਾਂ ਵਿਦਿਆਰਥੀਆਂ ਦੇ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਵੱਖ-ਵੱਖ ਗਤੀਵਿਧੀਆਂ ਵੱਲ ਪ੍ਰੇਰਿਤ ਕਰਕੇ ਅਧਿਆਪਕ ਉਨ੍ਹਾਂ ਦੇ ਸਰਬਪੱਖੀ ਵਿਕਾਸ ਵੱਲ ਵਧੇਰੇ ਕੇਂਦਰਿਤ ਹੋਣ ਤਾਂ ਜੋ ਭਵਿੱਖ 'ਚ ਇਹ ਵਿਦਿਆਰਥੀ ਆਤਮ-ਨਿਰਭਰ ਬਣ ਸਕਣ |