ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਹਰਮਹਿੰਦਰ ਪਾਲ)-ਦੇਸ਼ ਭਗਤ ਕੈਂਪਸ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਜੋਰਾ ਸਿੰਘ ਤੇ ਪ੍ਰੋ. ਚਾਂਸਲਰ ਡਾਕਟਰ ਤੇਜਿੰਦਰ ਕੌਰ ਦੀ ਅਗਵਾਈ ਅਤੇ ਪਿ੍ੰਸੀਪਲ ਡਾਕਟਰ ਸੰਜੀਵ ਜਿੰਦਲ ਤੇ ਵਾਈਸ ਪਿ੍ੰਸੀਪਲ ਡਾਕਟਰ ਪਰਮਪ੍ਰੀਤ ਕੌਰ ਦੀ ਦੇਖ-ਰੇਖ ਹੇਠ ਦੇਸ਼ ਭਗਤ ਗਲੋਬਲ ਸਕੂਲ ਵਿਖੇ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਤੇ ਭਾਸ਼ਾਈ ਕੌਸ਼ਲ ਨੂੰ ਉਭਾਰਨ ਲਈ ਕਵਿਤਾ ਗਾਇਨ ਤੇ ਸਵੈ ਜਾਣ-ਪਹਿਚਾਣ ਮੁਕਾਬਲੇ ਕਰਵਾਏ ਗਏ | ਕਵਿਤਾ ਗਾਇਨ ਮੁਕਾਬਲੇ ਵਿਚ ਪਲੇਵੇ ਤੋਂ ਯੂ. ਕੇ. ਜੀ. ਤੱਕ ਤੇ ਸਵੈ ਜਾਣ ਪਹਿਚਾਣ ਮੁਕਾਬਲੇ 'ਚ ਜਮਾਤ ਪਹਿਲੀ ਤੇ ਦੂਜੀ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਕਵਿਤਾ ਗਾਇਨ ਦੌਰਾਨ ਬੱਚਿਆਂ ਨੇ ਸੁੰਦਰ ਕਵਿਤਾਵਾਂ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ | ਸਵੈ ਜਾਣ-ਪਹਿਚਾਣ ਮੁਕਾਬਲੇ 'ਚ ਵਿਦਿਆਰਥੀਆਂ ਨੇ ਆਪਣੇ ਨਾਂਅ, ਰੁਚੀਆਂ, ਪ੍ਰਾਪਤੀਆਂ ਤੇ ਜ਼ਿੰਦਗੀ ਦੇ ਉਦੇਸ਼ ਬਾਰੇ ਸੁਚੱਜੇ ਤਰੀਕੇ ਨਾਲ ਜਾਣਕਾਰੀ ਦਿੱਤੀ, ਜਿਸ ਨਾਲ ਉਨ੍ਹਾਂ ਦੀ ਆਤਮ-ਅਭਿਵੈਕਤੀ ਦੀ ਕਾਬਲੀਅਤ ਸਾਹਮਣੇ ਆਈ | ਪਿ੍ੰਸੀਪਲ ਡਾਕਟਰ ਸੰਜੀਵ ਜਿੰਦਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਣ ਨਾਲ ਬੱਚਿਆਂ ਅੰਦਰ ਆਤਮ ਵਿਸ਼ਵਾਸ ਤੇ ਭਾਸ਼ਾਈ ਕੌਸ਼ਲਾਂ ਦਾ ਵਿਕਾਸ ਹੁੰਦਾ ਹੈ | ਉਨ੍ਹਾਂ ਮੁਕਾਬਲੇ ਕਰਵਾਉਣ ਲਈ ਅਧਿਆਪਕਾਂ ਦੀ ਟੀਮ ਦੀ ਪ੍ਰਸੰਸਾ ਕੀਤੀ | ਵਾਈਸ ਪਿ੍ੰਸੀਪਲ ਡਾ. ਪਰਮਪ੍ਰੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਨਾਲ ਬੱਚੇ ਆਪਣੇ-ਆਪ ਅਤੇ ਆਪਣੇ ਆਲੇ-ਦੁਆਲੇ ਬਾਰੇ ਚੰਗੀ ਜਾਣਕਾਰੀ ਹਾਸਿਲ ਕਰ ਸਕਦੇ ਹਨ | ਅੰਤ 'ਚ ਜੇਤੂ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ |