ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪਾਵਰਕਾਮ ਵੰਡ ਉੱਪ ਮੰਡਲ ਬਰੀਵਾਲਾ/ਸਰਾਏਨਾਗਾ ਦੀ ਖ਼ਸਤਾ ਹਾਲਤ ਇਮਾਰਤ ਵਿਚ 17 ਜੁਲਾਈ ਤੋਂ ਕੋਈ ਵੀ ਦਫ਼ਤਰੀ ਕਰਮਚਾਰੀ ਦਫ਼ਤਰ 'ਚ ਬੈਠ ਕੇ ਕੰਮ ਨਹੀਂ ਕਰੇਗਾ, ਕਿਉਂਕਿ ਕਿਸੇ ਵੇਲੇ ਵੀ ਕੋਈ ਭਿਆਨਕ ਹਾਦਸਾ ਅੰਦਰ ਬੈਠੇ ਕਰਮਚਾਰੀਆਂ ਨਾਲ ਵਾਪਰ ਸਕਦਾ ਹੈ | ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਸਰਕਲ ਪ੍ਰਧਾਨ ਸ਼ਿਵਦੀਪ ਸਿੰਘ ਬਰਾੜ, ਸੂਬਾ ਕਮੇਟੀ ਦੇ ਵਿੱਤ ਸਕੱਤਰ ਗੁਰਦੀਪ ਸਿੰਘ, ਸੂਬਾ ਕਮੇਟੀ ਮੈਂਬਰ ਨਰਿੰਦਰ ਸਿੰਘ ਅਤੇ ਡਵੀਜ਼ਨ ਪ੍ਰਧਾਨ ਮੇਹਰ ਚੰਦ ਸ਼ਰਮਾ ਨੇ ਦੱਸਿਆ ਕਿ ਇਸ ਖ਼ਸਤਾ ਹਾਲਤ ਇਮਾਰਤ ਸੰਬੰਧੀ ਪਿਛਲੇ ਹਫ਼ਤੇ ਨਿਗਰਾਨ ਇੰਜੀਨੀਅਰ ਵੰਡ ਹਲਕਾ ਪਾਵਰਕਾਮ ਸ੍ਰੀ ਮੁਕਤਸਰ ਸਾਹਿਬ, ਵਧੀਕ ਨਿਗਰਾਨ ਇੰਜੀਨੀਅਰ ਵੰਡ ਮੰਡਲ ਪਾਵਰਕਾਮ ਸ੍ਰੀ ਮੁਕਤਸਰ ਸਾਹਿਬ ਅਤੇ ਸਹਾਇਕ ਇੰਜੀਨੀਅਰ ਵੰਡ ਉੱਪ ਮੰਡਲ ਬਰੀਵਾਲਾ/ਸਰਾਏਨਾਗਾ ਨੂੰ ਆਖ਼ਰੀ ਨੋਟਿਸ ਦੇ ਕੇ ਯੂਨੀਅਨ ਵਲੋਂ ਦੱਸਿਆ ਗਿਆ ਸੀ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਲਿਖ ਕੇ ਦਿੱਤਾ ਗਿਆ ਹੈ ਅਤੇ ਵਾਰ-ਵਾਰ ਮੀਟਿੰਗਾਂ ਵਿਚ ਗੱਲ ਦੁਹਰਾਈ ਗਈ ਹੈ ਕਿ ਵੰਡ ਮੰਡਲ ਸ੍ਰੀ ਮੁਕਤਸਰ ਸਾਹਿਬ ਅਧੀਨ ਉੱਪ ਮੰਡਲਾਂ ਤੇ ਮੰਡਲ ਦਫ਼ਤਰ ਦੀ ਬਿਲਡਿੰਗ ਖ਼ਸਤਾ ਹਾਲਤ ਵਿਚ ਹੈ | ਖ਼ਾਸ ਕਰਕੇ ਵੰਡ ਉੱਪ ਮੰਡਲ ਬਰੀਵਾਲਾ ਦੀ ਸਰਾਏਨਾਗਾ ਦਫ਼ਤਰ ਦੀ ਹਾਲਤ ਬਹੁਤ ਜ਼ਿਆਦਾ ਖੰਡਰ ਤੇ ਖ਼ਤਰਨਾਕ ਰੂਪ ਧਾਰਨ ਕਰ ਚੁੱਕੀ ਹੈ | ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਉੱਪ ਮੰਡਲ ਦੀ ਨਵੀਂ ਬਿਲਡਿੰਗ ਬਣਾਉਣਾ ਤਾਂ ਦੂਰ ਦੀ ਗੱਲ, ਕੋਈ ਛੋਟੀ-ਮੋਟੀ ਮੁਰੰਮਤ ਤੱਕ ਕਰਵਾਉਣ ਦਾ ਵੀ ਕਸ਼ਟ ਨਹੀਂ ਕੀਤਾ ਗਿਆ | ਹਰ ਰੋਜ਼ ਦਫ਼ਤਰ ਦੀ ਛੱਤ ਤੋਂ ਕੰਕਰੀਟ ਦੇ ਖਲੇਪੜ ਡਿੱਗ ਰਹੇ ਹਨ ਅਤੇ ਥੱਲੇ ਬੈਠੇ ਕਰਮਚਾਰੀ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਕੰਮ ਕਰਨ ਲਈ ਮਜ਼ਬੂਰ ਹਨ | ਆਗੂਆਂ ਨੇ ਦੱਸਿਆ ਕਿ ਇਸ ਸੰਬੰਧੀ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇਕਰ ਦਫ਼ਤਰੀ ਸਟਾਫ਼ ਦੇ ਬੈਠਣ ਦਾ ਕੋਈ ਹੋਰ ਪੁਖ਼ਤਾ ਪ੍ਰਬੰਧ ਨਹੀਂ ਕੀਤਾ ਜਾਂਦਾ ਜਾਂ ਕਿਰਾਏ 'ਤੇ ਵਧੀਆ ਬਿਲਡਿੰਗ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਤਾਂ 17 ਜੁਲਾਈ ਤੋਂ ਦਫ਼ਤਰ ਦਾ ਕੋਈ ਵੀ ਕਰਮਚਾਰੀ ਇਸ ਢਹਿ ਢੇਰੀ ਹੋ ਰਹੀ ਬਿਲਡਿੰਗ ਦੇ ਅੰਦਰ ਬੈਠ ਕੇ ਕੰਮ ਨਹੀਂ ਕਰਨਗੇ ਅਤੇ ਬਾਹਰ ਬੈਠ ਕੇ ਜਿਨ੍ਹਾਂ ਕੰਮ ਹੋ ਸਕਦਾ ਹੋਇਆ ਕਰਨਗੇ | ਇਸ ਸਮੱਸਿਆ ਨੂੰ ਲੈ ਕੇ ਜਥੇਬੰਦੀ ਵਲੋਂ ਬਕਾਇਦਾ ਤੌਰ 'ਤੇ ਤਿੱਖੇ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ |