ਲੰਬੀ, 16 ਜੁਲਾਈ (ਮੇਵਾ ਸਿੰਘ)-ਸਿਆਸੀ ਆਗੂਆਂ ਵਲੋਂ ਵੋਟਾਂ ਦੌਰਾਨ ਵੋਟਰਾਂ ਨਾਲ ਅਨੇਕਾਂ ਵਾਅਦੇ ਥੋਕ ਵਿਚ ਕੀਤੇ ਜਾਂਦੇ ਹਨ, ਪਰ ਇਹ ਪੂਰੇ ਕਿੰਨੇ ਕੁ ਹੁੰਦੇ ਹਨ, ਇਹ ਤਾਂ ਸਮਾਂ ਆਉਣ 'ਤੇ ਪਤਾ ਲੱਗਦਾ ਹੈ | ਆਮ ਪਿੰਡ ਵਾਸੀਆਂ ਨੂੰ ਹਰ ਵਕਤ ਕਿਸੇ ਨਾ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਜੇ ਮੁਸ਼ਕਿਲਾਂ ਦੀ ਗੱਲ ਕਰੀਏ ਤਾਂ ਹੋਰ ਮੁਸ਼ਕਿਲਾਂ ਤੋਂ ਇਲਾਵਾ ਪਿੰਡਾਂ ਵਿਚ ਲੋਕਾਂ ਨੂੰ ਜ਼ਰੂਰਤ ਅਨੁਸਾਰ ਪੀਣ ਵਾਲਾ ਸ਼ੁੱਧ ਪਾਣੀ ਨਹੀਂ ਮਿਲਦਾ, ਕਿਉਂਕਿ ਨਹਿਰੀ ਤੇ ਧਰਤੀ ਹੇਠਲਾ ਪਾਣੀ ਹੀ ਲੋਕਾਂ ਵਲੋਂ ਆਪਣੇ ਰੋਜ਼ ਦੇ ਜੀਵਨ ਬਸਰ ਦੌਰਾਨ ਵਰਤਿਆ ਜਾਂਦਾ ਹੈ, ਪਰ ਨਹਿਰੀ ਪਾਣੀ ਵਿਚ ਮਿਲਦੇ ਫ਼ੈਕਟਰੀਆਂ ਦੇ ਵੇਸਟੇਜ਼ ਪਾਣੀ ਕਰਕੇ ਇਹ ਨਹਿਰੀ ਪਾਣੀ ਮਾਹਿਰਾਂ ਦੇ ਅਨੁਸਾਰ ਪੀਣ ਦੇ ਯੋਗ ਨਹੀਂ ਰਿਹਾ | ਇਸ ਵੇਸਟੇਜ਼ ਪਾਣੀ ਦੀ ਝਲਕ ਹਰ ਸਾਲ ਮਈ ਤੇ ਜੂਨ ਮਹੀਨੇ ਵਿਚ ਬਰਸਾਤਾਂ ਹੋਣ ਤੋਂ ਪਹਿਲਾਂ ਤੇ ਪਿੱਛੋਂ ਦਰਿਆਂ ਵਿਚ ਪਾਣੀ ਘਟਣ ਕਾਰਨ ਨਹਿਰਾਂ ਵਿਚ ਵਗਣ ਵਾਲੇ ਪਾਣੀ ਵਿਚ ਦੇਖਣ ਨੂੰ ਮਿਲਦੀ ਹੈ | ਮਈ ਤੇ ਜੂਨ ਮਹੀਨੇ ਵਿਚ ਨਹਿਰਾਂ ਅੰਦਰ ਵਗਣ ਵਾਲਾ ਪਾਣਾ ਕਾਲਾ ਪਾਣੀ ਕਿਸੇ ਸੀਵਰ ਦੇ ਕਾਲੇ ਪਾਣੀ ਦਾ ਭੁਲੇਖਾ ਪਾਉਂਦਾ ਲੱਗਦਾ ਹੈ | ਬਰਸਾਤਾਂ ਦੇ ਦਿਨਾਂ ਤੇ ਆਮ ਤੌਰ 'ਤੇ ਨਹਿਰਾਂ ਵਿਚ ਪਾਣੀ ਪੂਰਾ ਹੋਣ ਕਰਕੇ ਇਹ ਮਿਲਾਵਟ ਵੇਸਟਜ ਪਾਣੀ ਵਿਚ ਦੇਖਣ ਨੂੰ ਨਹੀਂ ਮਿਲਦੀ, ਜਦੋਂ ਕਿ ਇਸ ਦਾ ਅਸਰ ਤਾਂ ਪਾਣੀ ਵਿਚ ਰਹਿੰਦਾ ਹੀ ਹੈ | ਦੱਸਣਾ ਬਣਦਾ ਹੈ ਕਿ ਲੁਧਿਆਣਾ ਨੇੜੇ ਵੱਗਣ ਵਾਲੇ ਬੁੱਢੇ ਨਾਲੇ ਜਿਸ ਵਿਚ ਫ਼ੈਕਟਰੀਆਂ ਦਾ ਵੇਸਟੇਜ ਤੇ ਰਸਾਇਣਿਕ ਪਾਣੀ ਵਗਦਾ ਤੇ ਇਹ ਦੂਸ਼ਿਤ ਪਾਣੀ ਸਤਿਲੁਜ ਦਰਿਆ ਵਿਚ ਪੈਂਦਾ ਹੋਣ ਕਾਰਨ ਸਤਿਲੁਜ ਦਰਿਆ ਦੇ ਹਰੀਕੇ ਪੱਤਣ ਤੋਂ ਨਿਕਲਦੀਆਂ ਸਰਹੰਦ ਤੇ ਰਾਜਸਥਾਨ ਨਹਿਰਾਂ ਦੇ ਪਾਣੀ ਵਿਚ ਮਿਲ ਜਾਂਦਾ ਹੈ | ਫ਼ਲਾਂ ਤੇ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਇਸ ਪਾਣੀ ਦੇ ਲੱਗਣ ਨਾਲ ਸਬਜ਼ੀਆਂ ਤੇ ਫਲ ਖਾਣ ਨਾਲ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ | ਇਹ ਨਹਿਰੀ ਪਾਣੀ ਦੀ ਸਪਲਾਈ ਪਿੰਡਾਂ ਦੇ ਵਾਟਰ ਵਰਕਸਾਂ ਵਿਚ ਜਾਂਦੀ ਹੈ ਤੇ ਅੱਗੋਂ ਵਾਟਰ ਵਰਕਸ ਪਿੰਡਾਂ ਵਿਚ ਲੋਕਾਂ ਨੂੰ ਘਰ-ਘਰ ਪਾਣੀ ਸਪਲਾਈ ਦਿੰਦੇ ਹਨ | ਇਸ ਪਾਣੀ ਨੂੰ ਪੀਣ ਕਾਰਨ ਜਿਥੇ ਲੋਕ ਕਾਲਾ ਪੀਲੀਆ, ਜੋੜਾਂ ਤੇ ਗੋਡਿਆਂ ਦੇ ਦਰਦ ਤੋਂ ਪੀੜਤ ਹੋ ਰਹੇ ਹਨ, ਉੱਥੇ ਲੋਕ ਕੈਂਸਰ ਵਰਗੀਆਂ ਲਾ-ਇਲਾਜ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ | ਦੂਜੇ ਪਾਸੇ ਜੇਕਰ ਗਰਾਊਾਡ ਲੈਵਲ ਦੇ ਪਾਣੀ ਦੀ ਗੱਲ ਕਰੀਏ ਤਾਂ ਇਸ ਪਾਣੀ ਵਿਚ ਵੀ ਫ਼ਸਲਾਂ 'ਚ ਪਾਈਆਂ ਜਾਣ ਵਾਲੀਆਂ ਖ਼ਾਦਾਂ, ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਨ ਨਾਲ ਧਰਤੀੇ ਹੇਠਲਾ ਪਾਣੀ ਵੀ ਪੀਣ ਯੋਗ ਨਹੀਂ ਰਿਹਾ | ਇਸ ਤੋਂ ਇਲਾਵਾ ਜਿਹੜੀਆਂ ਜ਼ਮੀਨਾਂ ਵਿਚ ਪਾਣੀ ਦਾ ਪੱਧਰ ਉੱਚਾ ਆ ਗਿਆ ਤੇ ਖ਼ਾਸਕਰ ਜਿਹੜੀਆਂ ਜ਼ਮੀਨਾਂ ਵਿਚ ਸੇਮ ਆ ਗਈ ਹੈ, ਉਹ ਪਾਣੀ ਵੀ ਪੀਣ ਯੋਗ ਨਹੀਂ ਰਿਹਾ | ਇਸ ਨਾ ਪੀਣ ਯੋਗ ਪਾਣੀ ਤੋਂ ਬਚਣ ਲਈ ਸਰਦੇ-ਪੁੱਜਦੇ ਪਰਿਵਾਰ ਤਾਂ ਪਾਣੀ ਨੂੰ ਸ਼ੁੱਧ ਕਰਨ ਲਈ ਆਪਣੇ ਘਰਾਂ ਵਿਚ ਆਰ. ਓ. ਵਗੈਰਾ ਲਗਾ ਲੈਂਦੇ ਹਨ, ਪਰ ਆਮ ਤੌਰ 'ਤੇ ਆਰਥਿਕ ਪੱਖੋਂ ਕਮਜ਼ੋਰ ਲੋਕ ਘਰਾਂ ਵਿਚ ਆਰ. ਓ. ਨਹੀਂ ਲਗਵਾ ਸਕਦੇ, ਜਿਸ ਕਰਕੇ ਉਨ੍ਹਾਂ ਨੂੰ ਮਜ਼ਬੂਰੀਵੱਸ ਨਹਿਰੀ ਜਾਂ ਧਰਤੀ ਹੇਠਲਾ ਜੋ ਟਿਊਬਵੈੱਲਾਂ ਤੇ ਹੈਾਡ ਪੰਪਾਂ ਰਾਹੀਂ ਕੱਢਿਆ ਜਾਂਦਾ ਪਾਣੀ ਹੀ ਪੀਣਾ ਪੈਂਦਾ ਹੈ | ਪੀਣ ਯੋਗ ਸ਼ੁੱਧ ਪਾਣੀ ਦਾ ਟੀ.ਡੀ.ਐੱਸ. 100 ਤੋਂ 150 ਤੱਕ ਹੁੰਦਾ, ਜਦੋਂ ਧਰਤੀ ਹੇਠਲੇ ਪਾਣੀ ਦਾ ਟੀ. ਡੀ. ਐੱਸ. ਕਰੀਬ 1000 ਤੱਕ ਵੀ ਹੁੰਦਾ ਹੈ | ਬਿਨਾਂ ਸ਼ੁੱਧ ਕੀਤੇ ਨਹਿਰੀ ਜਾਂ ਧਰਤੀ ਹੇਠਲੇ ਪਾਣੀ ਨੂੰ ਸਿੱਧੇ ਤੌਰ 'ਤੇ ਪੀਣਾ ਉਨ੍ਹਾਂ ਲੋਕਾਂ ਦੀ ਮਜ਼ਬੂਰੀ ਬਣ ਜਾਂਦੀ ਹੈ | ਅਕਾਲੀ-ਭਾਜਪਾ ਗੱਠਜੋੜ ਦੇ ਸਮੇਂ ਵਿਚ ਇਕ ਪ੍ਰਾਈਵੇਟ ਕੰਪਨੀ ਵਲੋਂ ਸਰਕਾਰ ਦੇ ਸਹਿਯੋਗ ਨਾਲ ਪਿੰਡਾਂ ਵਿਚ ਲੋਕਾਂ ਨੂੰ ਸ਼ੁੱਧ ਪਾਣੀ ਦੀ ਸਪਲਾਈ ਦੇਣ ਲਈ ਪਿੰਡਾਂ ਵਿਚ ਆਰ.ਓ. ਲਗਾਏ ਸਨ ਤੇ ਇਹ ਕੁਝ ਸਮਾਂ ਤਾਂ ਚੱਲਦੇ ਰਹੇ, ਪਰ ਕੁਝ ਸਮਾਂ ਬਾਅਦ ਕਿਸੇ ਕਾਰਨ ਬੰਦ ਹੋ ਗਏ | ਹੁਣ ਲੋਕ ਪਿੰਡਾਂ ਵਿਚ ਲੱਗੇ ਪ੍ਰਾਈਵੇਟ ਆਰ. ਓ. ਤੋਂ ਪਾਣੀ ਮੁੱਲ ਲੈ ਕੇ ਪੀਣ ਲਈ ਮਜਬੂਰ ਹਨ | ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਇਹ ਡਿਊਟੀ ਬਣਦੀ ਹੁੰਦੀ ਹੈ ਕਿ ਉਹ ਲੋਕਾਂ ਨੂੰ ਸਿਹਤ, ਸਿੱਖਿਆ ਤੇ ਸੁਰੱਖਿਆ ਵੱਲ ਪਹਿਲ ਦੇ ਆਧਾਰ 'ਤੇ ਧਿਆਨ ਦੇਵੇ | ਸਰਕਾਰ ਪੀਣ ਵਾਲੇ ਸ਼ੁੱਧ ਪਾਣੀ ਦਾ ਇੰਤਜਾਮ ਆਪਣੇ ਪੱਧਰ 'ਤੇ ਪਿੰਡਾਂ ਵਿਚ ਵੱਡੇ ਆਰ.ਓ. ਪਲਾਂਟ ਲਗਵਾ ਕੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਏ, ਤਾਂ ਜੋ ਲੋਕ ਦੂਸ਼ਿਤ ਪਾਣੀ ਪੀਣ ਕਰਕੇ ਹੋਣ ਵਾਲੀਆਂ ਲਾ-ਇਲਾਜ ਬਿਮਾਰੀਆਂ ਤੋਂ ਬਚ ਸਕਣ | ਪਾਣੀ ਸੰਬੰਧੀ ਜ਼ਿਲ੍ਹੇ ਦੇ ਸਿਵਲ ਸਰਜਨ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਜ਼ਿਲੇ੍ਹ ਵਿਚੋਂ 104 ਸੈਂਪਲ ਪਾਣੀ ਦੀ ਗੁਣਵੱਤਾ ਪਰਖਣ ਲਈ ਲਏ ਸਨ, ਇਨ੍ਹਾਂ ਵਿਚੋਂ 57 ਪਾਸ ਤੇ 47 ਫ਼ੇਲ੍ਹ ਹੋਏ ਸਨ | ਇਸ ਤੋਂ ਬਾਅਦ ਇਲਾਕੇ 'ਚੋਂ ਰਿਪੀਟ ਸੈਂਪਿਲੰਗ ਕਰਵਾਈ ਤਾਂ 47 ਸੈਂਪਲਾਂ 'ਚੋਂ 30 ਦੀ ਰਿਪੋਰਟ ਆਈ ਹੈ | ਇਸ ਦੀ ਜਾਣਕਾਰੀ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ |