ਦੁਕਾਨਦਾਰ ਹੋਏ ਪ੍ਰੇਸ਼ਾਨ, ਰਾਹਗੀਰ ਵੀ ਔਖੇ
ਮਲੋਟ, 16 ਜੁਲਾਈ (ਅਜਮੇਰ ਸਿੰਘ ਬਰਾੜ)-ਕਸਬਾ ਨੁਮਾ ਪਿੰਡ ਪੰਨੀਵਾਲਾ ਫੱਤਾ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਪਾਣੀ ਦੀ ਨਿਕਾਸੀ ਲਈ ਚੱਲ ਰਿਹਾ ਪਾਈਪ ਲਾਈਨ ਦਾ ਕੰਮ ਪਿਆ ਅੱਧ ਵਿਚਕਾਰ ਰੁਕਣ ਕਰਕੇ ਦੁਕਾਨਦਾਰਾਂ ਦਾ ਕੰਮ ਠੱਪ ਹੋਇਆ ਪਿਆ ਹੈ ਤੇ ਇਥੋਂ ਲੰਘਣ ਵਾਲੇ ਵਾਹਨਾਂ ਵਾਲੇ ਵੀ ਪ੍ਰੇਸ਼ਾਨ ਹੋ ਰਹੇ ਹਨ | ਪਿਛਲੇ 2 ਦਿਨਾਂ ਤੋਂ ਆ ਰਹੇ ਭਾਰੀ ਮੀਂਹ ਕਾਰਨ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਪਾਉਣ ਲਈ ਪੁੱਟੇ ਖਾਲੇ ਪਾਣੀ ਨਾਲ ਭਰੇ ਪਏ ਹਨ | ਪਿੰਡ ਪੰਨੀਵਾਲਾ ਫੱਤਾ ਦੀ ਗ੍ਰਾਮ ਪੰਚਾਇਤ ਵਲੋਂ ਪਾਣੀ ਦੀ ਨਿਕਾਸੀ ਲਈ ਇਥੇ ਜੇ.ਸੀ.ਬੀ. ਮਸ਼ੀਨ ਨਾਲ ਵੱਡੇ-ਵੱਡੇ ਖਾਲੇ ਪੁੱਟ ਕੇ ਪਾਈਪ ਲਾਈਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਬੱਸ ਸਟੈਂਡ ਚੌਂਕ ਤੱਕ ਪਾਈਪਾਂ ਪਾਈਆਂ ਗਈਆਂ ਹਨ ਤੇ ਉਸ ਤੋਂ ਅੱਗੇ ਪਿਛਲੇ ਦੋ ਦਿਨਾਂ ਤੋਂ ਪਾਈਪ ਲਾਈਨ ਪਾਉਣ ਦਾ ਕੰਮ ਬੰਦ ਪਿਆ ਹੈ ਅਤੇ ਉਨ੍ਹਾਂ ਖਾਲਿਆਂ ਵਿਚ ਮਿੱਟੀ ਤੱਕ ਨਹੀਂ ਪਾਈ ਗਈ ਤੇ ਪਿਛਲੇ ਦੋ-ਤਿੰਨ ਦਿਨਾਂ ਤੋਂ ਆਏ ਭਾਰੀ ਮੀਂਹ ਕਾਰਨ ਇਨ੍ਹਾਂ ਪਾਈਪ ਲਾਈਨ ਦੇ ਖਾਲਿਆਂ ਵਿਚ ਪਾਣੀ ਭਰ ਗਿਆ ਹੈ | ਪਿੰਡ ਪੰਨੀਵਾਲਾ ਫੱਤਾ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਜਾਣ ਵਾਲਾ ਰਸਤਾ ਚਿੱਕੜ ਤੇ ਪਾਣੀ ਖੜ੍ਹਣ ਕਾਰਨ ਬੰਦ ਹੋ ਗਿਆ ਹੈ ਤੇ ਇੱਥੋਂ ਦੇ ਦੁਕਾਨਦਾਰਾਂ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ | ਇਸ ਮੌਕੇ ਐਂਬੂਲੈਂਸ ਸੇਵਾ ਵਾਲੇ ਨੇ ਦੱਸਿਆ ਕਿ ਕਈ ਵਾਰੀ ਇਥੋਂ ਸੀਰੀਅਸ ਮਰੀਜ਼ ਨੂੰ ਲੈ ਕੇ ਜਾਣਾ ਪੈਂਦਾ ਹੈ ਅਤੇ ਇਸ ਬੰਦ ਪਏ ਰਾਹ ਤੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਪਾਉਣ ਲਈ ਪੁੱਟੇ ਖਾਲੇ ਕਾਰਨ ਇਥੋਂ ਦੀ ਲੰਘਣਾ ਬਹੁਤ ਔਖਾ ਹੁੰਦਾ ਹੈ | ਇਸ ਮੌਕੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਚੱਲ ਰਹੇ ਕੰਮ ਨੂੰ ਪੂਰਾ ਕੀਤਾ ਜਾਵੇ ਅਤੇ ਜਲਦੀ ਹੀ ਇਸ ਸੜਕ ਨੂੰ ਨਵੀਂ ਬਣਾਈ ਜਾਵੇ, ਤਾਂ ਜੋ ਦੁਕਾਨਦਾਰ ਤੇ ਰਾਹਗੀਰਾਂ ਨੂੰ ਸੁੱਖ ਦਾ ਸਾਹ ਆਵੇ |
ਪਾਣੀ ਦੀ ਨਿਕਾਸੀ ਲਈ ਚੱਲ ਰਿਹਾ ਪਾਈਪ ਲਾਈਨ ਦਾ ਕੰਮ ਅੱਧ ਵਿਚਕਾਰ ਛੱਡਿਆ
ਅਜੀਤ ਡੈਸਕ
17-07-2025