29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਕਿਸਾਨ ਦੀ ਖ਼ੁਸ਼ੀ

ਅਜੀਤ ਡੈਸਕ 20-07-2025

ਇਕ ਕਿਸਾਨ ਸ਼ਹਿਰ ਤੋਂ ਦੂਰ ਆਪਣੇ ਘਰ 'ਚ ਰਹਿੰਦਾ ਸੀ। ਉਸ ਦੇ ਘਰ 'ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਸੀ ਪਰ ਫਿਰ ਵੀ ਉਹ ਕਿਸਾਨ ਖੁਸ਼ ਨਹੀਂ ਸੀ। ਉਸ ਨੂੰ ਲਗਦਾ ਜਿਵੇਂ ਇਹ ਪਿੰਡ ਇਕ ਜੰਗਲ ਹੈ ਅਤੇ ਉਹ ਇਸ 'ਚ ਬਹੁਤ ਇੱਕਲਾ ਹੈ। ਇਕ ਦਿਨ ਉਸ ਨੇ ਆਪਣੇ ਪਿੰਡ ਦੇ ਘਰ ਨੂੰ ਵੇਚ ਕੇ ਸ਼ਹਿਰ 'ਚ ਇਕ ਆਲੀਸ਼ਾਨ ਬੰਗਲਾ ਲੈਣ ਦਾ ਨਿਸ਼ਚਾ ਕੀਤਾ।
ਇਕ ਦਿਨ ਉਸ ਨੇ ਆਪਣੇ ਇਕ ਦੋਸਤ ਨੂੰ ਸ਼ਹਿਰ ਤੋਂ ਬੁਲਾਇਆ ਜੋ ਰੀਅਲ ਅਸਟੇਟ 'ਚ ਕੰਮ ਕਰਦਾ ਸੀ। ਉਸਨੇ ਕਿਹਾ ਕਿ ਮੇਰਾ ਇਹ ਘਰ ਵੇਚ ਕੇ ਮੈਨੂੰ ਸ਼ਹਿਰ 'ਚ ਇਕ ਚੰਗਾ ਜਿਹਾ ਮਕਾਨ ਦਿਵਾ ਦਿਓ। ਉਸ ਦੇ ਦੋਸਤ ਨੇ ਉਸ ਤੋਂ ਪੁੱਛਿਆ, 'ਭਰਾ ਤੂੰ ਆਪਣੇ ਪੁਰਖਿਆਂ ਦਾ ਇੰਨਾ ਸੁੰਦਰ ਘਰ ਕਿਉਂ ਵੇਚਣਾ ਚਾਹੁੰਦਾ ਹੈ? ਕੋਈ ਸਮੱਸਿਆ ਹੈ ਜਾਂ ਪੈਸਿਆਂ ਦੀ ਕੁਝ ਲੋੜ ਹੈ ਤਾਂ ਮੈਨੂੰ ਦੱਸ।'
ਕਿਸਾਨ ਨੇ ਆਪਣੇ ਦੋਸਤ ਦੀ ਗੱਲ ਸੁਣ ਕੇ ਉਸ ਨੂੰ ਕਿਹਾ, 'ਇਹ ਘਰ ਪਿੰਡ ਤੋਂ ਕਈ ਕਿਲੋਮੀਟਰ ਦੂਰ ਹੈ। ਇਥੇ ਸ਼ਹਿਰ ਦੀ ਤਰ੍ਹਾਂ ਪੱਕੀਆਂ ਸੜਕਾਂ ਨਹੀਂ ਹਨ, ਸਾਰੇ ਰਸਤੇ ਖਰਾਬ ਹਨ। ਇਹ ਨਦੀ ਜਿਸ 'ਚ ਮੀਂਹ ਪੈਣ ਨਾਲ ਪਾਣੀ ਭਰ ਜਾਂਦਾ ਹੈ, ਇਸ ਨੂੰ ਪਾਰ ਕਰਕੇ ਹੀ ਸ਼ਹਿਰ ਨੂੰ ਜਾਣਾ ਪੈਂਦਾ ਹੈ। ਇਥੇ ਸਾਰੇ ਦਰੱਖਤ ਲੱਗੇ ਹਨ ਕਿ ਜਦੋਂ ਹਵਾ ਚਲਦੀ ਹੈ ਤਾਂ ਘਰ 'ਚ ਪੱਤੇ-ਪੱਤੇ ਹੋ ਜਾਂਦੇ ਹਨ। ਸਫਾਈ ਕਰਨ 'ਚ ਵੀ ਬਹੁਤ ਮੁਸ਼ਕਲ ਹੁੰਦੀ ਹੈ। ਇਹ ਪਹਾੜ ਦੇਖੋ, ਸਰਦੀਆਂ 'ਚ ਇਨ੍ਹਾਂ 'ਤੇ ਬਰਫ ਡਿਗ ਜਾਂਦੀ ਹੈ, ਜਿਸ ਨਾਲ ਮੁਸ਼ਕਲ ਹੁੰਦੀ ਹੈ। ਹੁਣ ਦੱਸੋ ਮੈਂ ਕਿਵੇਂ ਰਹਿ ਸਕਾਂਗਾ ਇਸ ਘਰ 'ਚ।'
ਉਸ ਦੇ ਦੋਸਤ ਨੇ ਕਿਹਾ, 'ਠੀਕ ਹੈ, ਮੈਂ ਜਲਦ ਹੀ ਤੇਰਾ ਘਰ ਵਿਕਵਾ ਦੇਵਾਂਗਾ।' ਅਜਿਹਾ ਕਹਿ ਕੇ ਉਹ ਚਲਾ ਗਿਆ। ਅਗਲੇ ਦਿਨ ਉਹ ਕਿਸਾਨ ਸਵੇਰੇ ਅਖਬਾਰ ਪੜ੍ਹ ਰਿਹਾ ਸੀ, ਉਦੋਂ ਉਸਨੇ ਅਖ਼ਬਾਰ 'ਚ ਇਕ ਘਰ ਦਾ ਵਿਗਿਆਪਨ ਦੇਖਿਆ। ਵਿਗਿਆਪਨ 'ਚ ਲਿਖਿਆ ਸੀ, 'ਸ਼ਹਿਰ ਦੀ ਭੀੜ ਤੋਂ ਦੂਰ, ਪਹਾੜੀਆਂ ਨਾਲ ਘਿਰੇ ਹੋਏ, ਤਾਜ਼ੀ ਹਵਾ ਨਾਲ ਭਰਪੂਰ ਇਕ ਸੁੰਦਰ ਘਰ 'ਚ ਵਸਾਓ ਆਪਣੇ ਸੁਪਨਿਆਂ ਦਾ ਘਰ। ਘਰ ਖਰੀਦਣ ਲਈ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰੋ।'
ਕਿਸਾਨੂੰ ਨੂੰ ਉਹ ਵਿਗਿਆਪਨ ਬਹੁਤ ਪਸੰਦ ਆਇਆ। ਉਸ ਨੇ ਉਸ ਘਰ ਨੂੰ ਖਰੀਦਣ ਦਾ ਮਨ ਬਣਾ ਲਿਆ, ਉਸ ਨੇ ਜਦੋਂ ਉਸ ਨੰਬਰ 'ਤੇ ਫੋਨ ਕੀਤਾ ਤਾਂ ਉਦੋਂ ਉਹ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਇਹ ਤਾਂ ਉਸ ਦੇ ਘਰ ਦਾ ਹੀ ਵਿਗਿਆਪਨ ਹੈ। ਹੁਣ ਉਹ ਸਮਝ ਗਿਆ ਕਿ ਉਹ ਤਾਂ ਪਹਿਲਾਂ ਤੋਂ ਹੀ ਆਪਣੇ ਪਸੰਦ ਦੇ ਘਰ 'ਚ ਰਹਿ ਰਿਹਾ ਹੈ। ਹੁਣ ਉਹ ਖੁਸ਼ ਸੀ। ਉਸ ਨੇ ਜਲਦੀ ਆਪਣੇ ਦੋਸਤ ਨੂੰ ਫੋਨ ਕਰਕੇ ਆਪਣੇ ਘਰ ਨੂੰ ਵੇਚਣ ਤੋਂ ਮਨ੍ਹਾਂ ਕਰ ਦਿੱਤਾ।

-ਮਕਾਨ ਨੰ: ਈ-11/58, ਗਲੀ ਨੰ: 2, ਬਹਾਦੁਰਕੇ ਰੋਡ, ਭਾਰਤੀ ਕਲੋਨੀ, ਲੁਧਿਆਣਾ।
ਮੋਬਾਈਲ : 94173-91167

ਪਿਛਲੀ ਖ਼ਬਰ ਉਸਾਰੂ ਪੱਤਰਕਾਰੀ ਦਾ ਪ੍ਰਤੀਕ : ਕਸ਼ਮੀਰ ਸਿੰਘ ਚਾਵਲਾ ਅਗਲੀ ਖ਼ਬਰ ਕਿੱਧਰ ਗਈਆਂ ਖੇਡਾਂ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।