29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਕਿੱਧਰ ਗਈਆਂ ਖੇਡਾਂ?

ਅਜੀਤ ਡੈਸਕ 20-07-2025

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪਿੰਡਾਂ ਵਿਚ ਸ਼ਤਰੰਜ ਵਰਗੀਆਂ ਬੋਰਡ ਗੇਮਾਂ ਦਾ ਤਾਂ ਕੋਈ ਸਵਾਲ ਹੀ ਨਹੀਂ ਸੀ। ਪਰ ਵਾਗੀ ਤਬਕਾ ਜਾਂ ਜਿਸ ਕੋਲ ਵੇਹਲ ਹੋਵੇ, ਜ਼ਮੀਨ ਤੇ ਸੁਆਹ ਖਿਲਾਰ ਕੇ, ਪੱਧਰੀ ਕਰ ਕੇ, ਉਂਗਲ ਨਾਲ ਇਕ ਵਰਗਾਕਾਰ ਗੇਮ 'ਬਾਰਾਂ ਟਹਿਣੀ' ਬਣਾ ਲੈਂਦੇ ਸਨ। ਦੋਵਾਂ ਜਣਿਆਂ ਦੀਆਂ ਬਾਰਾਂ-ਬਾਰਾਂ ਟਹਿਣੀਆਂ ਹੁੰਦੀਆਂ ਸਨ। ਅੱਜਕਲ੍ਹ ਵੀ ਲੂਡੋ ਵੇਖੋ ਤਾਂ ਪੁਰਾਣੀ ਖੇਡ 'ਖੱਡੀ ਖੱਡਾ' ਦਾ ਖਿਆਲ ਆ ਜਾਂਦਾ ਹੈ।
ਲੜਕੀਆਂ ਆਮ ਤੌਰ 'ਤੇ ਘਰਾਂ ਵਿਚ ਰਹਿੰਦੀਆਂ ਸਨ ਅਤੇ ਗੀਟੇ ਖੇਡਣਾ, ਰੱਸੀ ਟੱਪਣਾ, ਲੁਕਣਮੀਟੀ, ਖੋ-ਖੋ, ਕੋਟੜਾ-ਛਪਾਕੀ ਪ੍ਰਚੱਲਤ ਖੇਡਾਂ ਸਨ। ਕਈ ਤਾਂ ਅੱਜ ਵੀ ਮੌਜੂਦ ਹਨ।
ਗੁੱਡੀਆਂ (ਪਤੰਗ) ਉਡਾਉਣਾ, ਗੁੱਡੀਆਂ ਲੁੱਟਣਾ, ਮਸ਼ਹੂਰ ਸ਼ੁਗਲ ਹੈ, ਬੜਾ ਵੱਡਾ ਬਿਜ਼ਨੈਸ ਹੈ, ਕਰੋੜਾਂ ਦਾ ਕੰਮਕਾਜ ਹੈ ਪਰ ਮੈਂ ਵੇਖਿਆ ਗੁੱਡੀ ਬਣਾਉਣ ਵਿਚ ਸ਼ਾਇਦ ਕੋਈ ਉਸਤਾਦੀ ਹੋਵੇ, ਉਡਾਉਣਾ ਕੋਈ ਖੇਡ ਨਹੀਂ, ਬਸ ਦੂਸਰੇ ਦੀ ਪਤੰਗ ਨੂੰ ਕੱਟਣਾ/ਨਾ-ਉਡਣ ਦੇਣਾ ਹੀ ਕਿ ਬੜਾ ਨਾਂਹ-ਵਾਚਕ ਜਿਹਾ ਮਕਸਦ ਹੁੰਦਾ ਹੈ, ਉਧਰੋਂ ਅੱਜ ਵਾਲੀ ਪਲਾਸਟਿਕ ਡੋਰ ਨਾਲ ਕੋਈ ਬਾਮਾਕਸਦ ਪੇਚਾ ਵੀ ਨਹੀਂ ਲੱਗ ਸਕਦਾ। ਅੰਤ ਹੋਰ ਕਾਰਨ ਗੇਮ ਖਤਮ ਹੁੰਦੀ ਹੈ। ਡੋਰ ਪ੍ਰਦੂਸ਼ਣ ਇਕ ਲਾਅਨਤ ਬਣ ਕੇ ਰਹਿ ਗਈ ਹੈ। ਵਿਦੇਸ਼ਾਂ ਵਿਚ ਲੋਕੀਂ ਤਰ੍ਹਾਂ-ਤਰ੍ਹਾਂ ਦੀਆਂ ਪਤੰਗਾਂ ਬਣਾ ਕੇ ਉੱਚੇ ਤੋਂ ਉੱਚਾ ਉਡਾਉਂਦੇ ਹਨ। ਇਸ ਨਾਲ ਜੁੜੀ ਹਵਾਈ ਸਾਇੰਸ ਪੜ੍ਹਦੇ ਹਨ ਤੇ ਨਿੱਤ ਤਜਰਬੇ ਕਰਦੇ ਰਹਿੰਦੇ ਹਨ। ਪਰ ਸਾਡੇ ਲੜਕੇ-ਲੜਕੀਆਂ ਏਸ ਪਾਸੇ ਅਜੇ ਨਹੀਂ ਆਏ। ਮਾਹੌਲ ਵੀ ਨਹੀਂ।
ਪੰਜਾਬ ਦੇ ਬਟਵਾਰੇ ਵੇਲੇ, 1947 ਵੇਲੇ, ਅੰਮ੍ਰਿਤਸਰ ਵਿਚ ਸਕੂਲਾਂ ਦੀ ਗਿਣਤੀ ਦਸ ਤੋਂ ਵੀ ਘੱਟ ਸੀ। ਦੋ ਤਿੰਨ ਸਕੂਲ ਸਨ, ਜਿਨ੍ਹਾਂ ਕੋਲ ਆਪਣੀ ਵੱਖਰੀ ਹਾਕੀ ਗਰਾਊਂਡ ਅਤੇ ਫੁਟਬਾਲ ਗਰਾਊਂਡ ਸੀ। ਵੈਸੇ ਤਾਂ ਅੰਗਰੇਜ਼ਾਂ ਦੇ ਰਾਜ ਤੋਂ ਪਹਿਲਾਂ ਸਕੂਲ ਹੀ ਨਹੀਂ ਸਨ ਹੁੰਦੇ। ਸਕੂਲ ਪ੍ਰਚੱਲਿਤ ਹੋਏ, ਭਾਵੇਂ ਅੰਗਰੇਜ਼ਾਂ ਦੇ ਆਪਣੇ ਮਸਦ ਲਈ ਹੀ। ਸਾਇੰਸ, ਬਤੌਰ ਇਕ ਵਿਸ਼ਾ, ਸਕੂਲਾਂ ਵਿਚ, ਪਹਿਲੀ ਆਲਮੀ ਜੰਗ ਤੋਂ ਬਾਅਦ ਸ਼ਾਮਿਲ ਕੀਤੀ ਗਈ ਸੀ। ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਬੱਚਿਆਂ ਨੂੰ ਚੁਸਤ ਦਰੁਸਤ ਕਰਨ ਲਈ, ਮੌਰਨਿੰਗ ਜਰਕਸ ਸ਼ੁਰੂ ਕੀਤੇ ਗਏ। ਖ਼ੈਰ... ਜਿਨ੍ਹਾਂ ਸਕੂਲਾਂ ਕੋਲ ਗਰਾਊਂਡਾਂ ਸਨ, ਉਨ੍ਹਾਂ ਨੇ ਹਾਕੀ, ਫੁਟਬਾਲ ਟੀਮਾਂ ਬਣਾ ਲਈਆਂ। ਕੁਝ ਇਕ ਦੀ ਬੱਲੇ-ਬੱਲੇ ਹੋ ਗਈ। ਸਰਕੂਲਰ ਰੋਡ 'ਤੇ ਗੁਰਦੁਆਰਾ ਸ਼ਹੀਦਗੰਜ ਨੇੜੇ ਸਥਿਤ, ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਗੁਰੂ ਜੀ ਦੀ ਚੌਥੀ ਜਨਮ ਸ਼ਤਾਬਦੀ ਮਨਾਉਣ ਦੇ ਯਤਨਾਂ ਵਜੋਂ 1975 ਵਿਚ ਬਣਿਆ ਸੀ ਅਤੇ ਇਸ ਦਾ ਨੀਂਹ ਪੱਥਰ ਉਦੋਂ ਦੇ ਰਾਸ਼ਟਰਪਤੀ ਫਖ਼ਰੂਦੀਨ ਅਲੀ ਅਹਿਮਦ ਨੇ ਰੱਖਿਆ ਸੀ। ਅਸਲ 'ਚ ਹਸਪਤਾਲ ਵਾਲੀ ਥਾਂ, ਸਾਡੇ ਗੁਰੂ ਰਾਮਦਾਸ ਖਾਲਸਾ ਹਾਈ ਸਕੂਲ ਦੀ ਚਿਰਾਂ ਤੋਂ ਚਲਦੀ ਆ ਰਹੀ ਹਾਕੀ ਗਰਾਊਂਡ ਸੀ, ਜੋ ਕਿ ਕੁਝ ਨਵੀਂ ਥਾਂ ਹੁੰਦੀ ਸੀ ਅਤੇ ਲੋਕੀਂ ਲੜਕਿਆਂ ਨੂੰ ਖੇਡਦੇ, ਖਲੋ ਕੇ ਵੇਖਦੇ ਹੁੰਦੇ ਸਨ। ਇਸੇ ਤਰ੍ਹਾਂ ਸਮਸ਼ਾਨਘਾਟ ਦੇ ਨੇੜੇ ਬਣੀ ਕਾਲੋਨੀ, ਚੰਨਣ ਸਿੰਘ ਕਾਲੋਨੀ ਅਸਲ 'ਚ ਸਕੂਲ ਦੀ ਫੁਟਬਾਲ ਗਰਾਊਂਡ ਸੀ।
ਸਕੂਲਾਂ ਦੀਆਂ ਪ੍ਰਥਮਤਾਵਾਂ ਅਤੇ ਸਿੱਖਿਆ ਪ੍ਰਤੀ ਰੁਝਾਨ ਬਦਲਣੇ ਸ਼ੁਰੂ ਹੋ ਗਏ। ਕਿਸੇ ਵੇਲੇ ਇਕ ਆਸ਼ਾ ਭੌਂਸਲੇ ਦਾ ਗੀਤ।
ਪੜ੍ਹੋਗੇ ਲਿਖੋਗੇ ਬਨੋਗੇ ਨਵਾਬ, ਤੁਮ ਬਨੋਗੇ ਨਵਾਬ,
ਜੇ ਖੇਲੋਗੇ ਕੂਦੋਗੇ ਹੋਗੇ ਖਰਾਬ, ਤੁਮ ਹੋਗੇ ਖਰਾਬ।
ਬੜਾ ਪ੍ਰਚੱਲਿਤ ਸੀ, ਰੇਡੀਓ ਤੇ ਅਕਸਰ ਵੱਜਦਾ ਸੀ। ਹੌਲੀ-ਹੌਲੀ ਖੇਡਾਂ ਦੀ ਕਦਰ ਹੋਣੀ ਸ਼ੁਰੂ ਹੋਈ। ਉਲੰਪਿਕ ਗੋਲਡ ਜਿੱਤਣ ਦੇ ਸੁਪਨੇ ਆਉਣ ਲੱਗੇ। ਗੋਲਡ ਆਏ ਵੀ ਪ੍ਰੰਤੂ ਹੌਲੀ-ਹੌਲੀ ਖਿਡਾਰੀ ਵੀ ਐਕਟਰਾਂ ਵਾਂਗ ਮਹਿੰਗੇ ਹੋ ਗਏ। ਵਿਕ ਗਏ। ਖੇਡਾਂ ਦੀ ਖੇਡ ਖਤਮ ਹੋ ਗਈ। ਹੁਣ ਖੇਡਾਂ ਖੇਡਣ ਵਾਲੀ ਸ਼ੈਅ ਨਹੀਂ, ਕੇਵਲ ਵੇਖਣ ਵਾਲੀ ਚੀਜ਼ ਹੈ, ਉਹ ਵੀ ਸਕਰੀਨ 'ਤੇ।
ਜੋ ਵੀ ਹੈ, ਅੱਜ ਦੇ ਬਾਲ ਵਿਚ, ਬੱਚੇ ਵਿਚ, ਨੌਜਵਾਨ ਵਿਚ ਜਾਨਣ ਦੀ ਇੱਛਾ ਨਹੀਂ ਦਿਸਦੀ। ਉਨ੍ਹਾਂ ਦੇ ਹੱਥਾਂ ਵਿਚ ਕਦੇ ਕੋਈ ਔਜ਼ਾਰ ਨਹੀਂ ਦਿਸਦਾ। ਉਹ ਵੀ ਸੱਚੇ ਹਨ। ਉਨ੍ਹਾਂ ਨੂੰ ਕੋਈ ਚਲਦੇ-ਫਿਰਦੇ ਕਲ਼-ਪੁਰਜ਼ੇ ਨਹੀਂ ਦਿਸਦੇ। ਹਰ 'ਡਿਵਾਈਸ', 'ਈ.ਡੀ.', 'ਟੀ.ਵੀ., 'ਲੈਪਟਾਪ', 'ਆਈਪੈਡ' ਆਦਿ ਇਕ ਗੁੱਝੀ ਵਸਤੂ ਹੈ। ਸਜੇ ਹੱਥ ਦੀ ਇਕ ਉਂਗਲ ਤੋਂ ਸਵਾਏ ਹੋਰ ਕੋਈ ਮਸਲ ਵਰਤੋਂ ਵਿਚ ਨਹੀਂ ਆਉਂਦਾ। ਬੈਠੇ-ਬੈਠੇ ਲਗਾਤਾਰ ਸਕਰੀਨ 'ਤੇ ਅੱਖ ਟਿਕੀ ਰੱਖਣ ਨਾਲਕਈ ਤਰ੍ਹਾਂ ਦੀਆਂ ਸਮੱਸਿਆਵਾਂ, ਖ਼ਾਸ ਕਰ ਕੇ ਮਨੋਵਿਗਿਆਨਕ, ਪੈਦਾ ਹੋ ਰਹੀਆਂ ਹਨ। ਇਨ੍ਹਾਂ ਦੇ ਸਮਾਜਿਕ ਅਤੇ ਸਿਆਸੀ ਪ੍ਰਭਾਵ ਵੀ ਸਾਹਮਣੇ ਆਉਣਗੇ। ਮਸਨੂਈ ਅਕਲ ਨੇ ਵੀ ਇਨਸਾਨੀਅਤ ਦਾ ਅੰਤ ਕੋਈ ਭਲਾ ਨਹੀਂ ਕਰਨਾ।
ਬੱਚਿਓ, ਲਈ ਨੱਸਣਾ, ਕੁੱਦਣਾ, ਲੜਨਾ, ਮੰਨ ਜਾਣਾ, ਜਿੱਤਣਾ, ਹਾਰਨਾ, ਪ੍ਰਸੰਸਾ ਕਰਨੀ, ਸਲੀਕੇ ਨਾਲ ਸੁਣਨੀ ਇਹ ਸਭ ਵਰਤਾਰੇ ਬਚਪਨ ਵਿਚ ਸਿੱਖਣ ਵਾਲੇ ਹੁੰਦੇ ਹਨ। ਵੱਡੇ ਹੋ ਕੇ ਨਹੀਂ ਆ ਸਕਦੇ।
(ਸਮਾਪਤ)

-ਮੋਬਾਈਲ : 80545-97595
mohansingh@yahoo.co.in

ਪਿਛਲੀ ਖ਼ਬਰ ਕਿਸਾਨ ਦੀ ਖ਼ੁਸ਼ੀ ਅਗਲੀ ਖ਼ਬਰ ਜਾਨਵਰ ਹੀ ਚੰਗੇ ਹਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।