ਕਸ਼ਮੀਰ ਉਸਾਰੂ ਅਤੇ ਸਾਫ਼-ਸੁਥਰੀ ਪੱਤਰਕਾਰੀ ਦਾ ਪ੍ਰਤੀਕ ਸੀ। ਉਸ ਦੀ ਬੋਲਬਾਣੀ ਵਿਚੋਂ ਦ੍ਰਿੜ੍ਹਤਾ ਅਤੇ ਆਤਮ-ਵਿਸ਼ਵਾਸ ਝਲਕਦਾ ਸੀ। ਉਹ ਮੇਰਾ ਹਾਣੀ ਸੀ, ਅਸੀਂ ਦੋਵਾਂ ਨੇ 1957 ਵਿਚ ਆਹਮੋ-ਸਾਹਮਣੇ ਪੈਂਦੇ ਕਾਲਜਾਂ ਵਿਚ ਦਾਖਲਾ ਲਿਆ ਸੀ। ਲੁਧਿਆਣਾ ਘੁਮਾਰ ਮੰਡੀ ਸਥਿਤ ਖ਼ਾਲਸਾ ਕਾਲਜ ਵਿਚ ਉਸ ਨੇ ਦਾਖਲਾ ਲਿਆ ਅਤੇ ਸਾਹਮਣੇ ਖੇਤੀਬਾੜੀ ਕਾਲਜ ਵਿਚ ਮੈਂ ਦਾਖਲ ਹੋਇਆ ਸੀ। ਕਾਲਜ ਵਿਚ ਪੜ੍ਹਦਿਆਂ ਪ੍ਰੋ. ਕਪੂਰ ਨੇ ਉਸ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਪੜ੍ਹਾਈ ਪੂਰੀ ਕਰਨ ਪਿਛੋਂ ਉਸ ਨੇ ਪੱਤਰਕਾਰੀ ਵੱਲ ਜਾਣ ਦਾ ਫ਼ੈਸਲਾ ਕੀਤਾ, ਕਿਉਂਕਿ ਇਨ੍ਹਾਂ ਦਾ ਵੱਡਾ ਭਰਾ ਜੀ.ਐਸ. ਚਾਵਲਾ ਦਿੱਲੀ ਵਿਚ ਇਕ ਪ੍ਰਸਿੱਧ ਅੰਗਰੇਜ਼ੀ ਅਖ਼ਬਾਰ ਦਾ ਪੱਤਰਕਾਰ ਸੀ। ਕੁਝ ਸਮਾਂ ਇਧਰ-ਉਧਰ ਭਟਕਣ ਪਿਛੋਂ ਇਸ ਨੂੰ ਅੰਗਰੇਜ਼ੀ ਟ੍ਰਿਬਿਊਨ ਵਿਚ ਸਹਾਇਕ ਪੱਤਰਕਾਰ ਦੀ ਨੌਕਰੀ ਮਿਲ ਗਈ। ਇਹ ਵੱਡੀ ਪ੍ਰਾਪਤੀ ਸੀ। ਉਦੋਂ ਇਸ ਅਖ਼ਬਾਰ ਦਾ ਸਾਰੇ ਉੱਤਰੀ ਭਾਰਤ ਵਿਚ ਬੋਲਬਾਲਾ ਸੀ। ਟ੍ਰਿਬਿਊਨ ਲਗਭਗ ਸਾਰੇ ਪੜ੍ਹੇ-ਲਿਖੇ ਘਰਾਂ ਦਾ ਸ਼ਿੰਗਾਰ ਸੀ। ਉਸ ਸਮੇਂ ਦੇ ਲੁਧਿਆਣਾ ਤੋਂ ਸਟਾਫ਼ ਰਿਪੋਰਟਰ ਦੀ ਸੇਵਾਮੁਕਤੀ ਪਿਛੋਂ ਕਸ਼ਮੀਰ ਨੂੰ ਉਸ ਦੀ ਇਹ ਪਦਵੀ ਮਿਲ ਗਈ ਤੇ ਕਸ਼ਮੀਰ ਸਾਰੇ ਸ਼ਹਿਰ ਦਾ ਹੀਰੋ ਬਣ ਗਿਆ। ਉਦੋਂ ਸਾਰੀਆਂ ਅਖ਼ਬਾਰਾਂ ਦਾ ਇਕ-ਇਕ ਪੱਤਰਕਾਰ ਹੀ ਹੁੰਦਾ ਸੀ। ਅਖ਼ਬਾਰ ਵਿਚ ਖ਼ਬਰ ਛਪਣੀ ਵੱਡੀ ਪ੍ਰਾਪਤੀ ਸਮਝੀ ਜਾਂਦੀ ਸੀ।
ਮੇਰੀ ਪਹਿਲੀ ਮੁਲਾਕਾਤ ਕਸ਼ਮੀਰ ਸਿੰਘ ਨਾਲ 1965 ਵਿਚ ਹੋਈ। ਉਦੋਂ ਮੈਂ ਯੂਨੀਵਰਸਿਟੀ ਵਿਖੇ ਐਮ.ਐਸ.ਸੀ. ਦਾ ਵਿਦਿਆਰਥੀ ਸਾਂ। ਸਾਡੇ ਵਿਭਾਗ ਦੇ ਡਾਰਕ ਰੂਮ ਵਿਚ ਉਰਦੂ ਸ਼ਾਇਰ ਕ੍ਰਿਸ਼ਨ ਅਦੀਬ ਕੰਮ ਕਰਦਾ ਸੀ। ਕਸ਼ਮੀਰ ਉਸ ਨੂੰ ਮਿਲਣ ਆਉਂਦਾ ਸੀ। ਉਂਜ ਉਹ ਵੀ. ਸੀ. ਤੋਂ ਬਗੈਰ ਹੋਰ ਕਿਸੇ ਮਾਹਿਰ ਦੇ ਦਫ਼ਤਰ ਮਿਲਣ ਨਹੀਂ ਸੀ ਗਿਆ। ਉਸ ਆਪਣੀ ਖੁਦੀ ਨੂੰ ਇਤਨਾ ਬੁਲੰਦ ਕਰ ਲਿਆ ਸੀ ਕਿ ਉਹ ਆਪਣੇ ਨਿਯਮਾਂ ਅਨੁਸਾਰ ਕੰਮ ਕਰ ਸਕੇ। ਮੇਰੀ ਕ੍ਰਿਸ਼ਨ ਅਦੀਬ ਨਾਲ ਨੇੜਤਾ ਦੇ ਦੋ ਕਾਰਨ ਸਨ। ਕਵਿਤਾ ਲਿਖਣ ਅਤੇ ਸਾਹਿਤ ਵਿਚ ਰੁਚੀ ਹੋਣ ਕਰਕੇ ਉਸ ਦੀਆਂ ਨਜ਼ਮਾਂ ਸੁਣਨਾ ਚੰਗਾ ਲਗਦਾ ਸੀ। ਉਸ ਨੂੰ ਵੀ ਇਕ ਸੰਜੀਦਾ ਸਰੋਤਾ ਮਿਲ ਗਿਆ ਸੀ। ਹੀਰੋ ਸਾਈਕਲ ਵਾਲੇ ਮੁੰਝਾਲ ਸਾਹਿਬ ਵੀ ਉਸ ਦੇ ਪ੍ਰਸੰਸਕ ਸਨ। ਹੀਰੋ ਵਾਲੇ ਆਪਣੀ ਵਾਰਸ਼ਿਕ ਡਾਇਰੀ ਵਿਚ ਉਰਦੂ ਦੇ ਚੋਣਵੇਂ ਸ਼ੇਅਰ ਵੀ ਛਾਪਦੇ ਸਨ। ਅਦੀਬ ਦੇ ਕਮਰੇ ਵਿਚ ਮੁਲਾਕਾਤਾਂ ਹੌਲੀ-ਹੌਲੀ ਦੋਸਤੀ ਵਿਚ ਬਦਲ ਗਈਆਂ। ਹੁਣ ਕਸ਼ਮੀਰ ਨਾਲ ਅਪਣੱਤ ਹੋ ਗਈ, ਅਸੀਂ ਇਕ-ਦੂਜੇ ਨੂੰ ਤੁਸੀਂ ਆਖਣ ਦੀ ਥਾਂ ਤੂੰ 'ਤੇ ਆ ਗਏ ਸਾਂ।
ਪੜ੍ਹਾਈ ਪੂਰੀ ਹੋਣ ਪਿੱਛੋਂ ਮੈਨੂੰ ਉਸੇ ਵਿਭਾਗ ਵਿਚ ਨੌਕਰੀ ਮਿਲ ਗਈ। ਨਵਾਂ ਜੋਸ਼ ਸੀ। ਕਈ ਪ੍ਰੋਗਰਾਮ ਸ਼ੁਰੂ ਕੀਤੇ। ਇਨ੍ਹਾਂ ਪ੍ਰੋਗਰਾਮਾਂ ਬਾਰੇ ਖ਼ਬਰਾਂ ਲਿਖਣੀਆਂ ਤੇ ਚਾਵਲਾ ਸਾਹਿਬ ਨੂੰ ਦੇ ਦੇਣੀਆਂ। ਇਸ ਨੇ ਉਨ੍ਹਾਂ ਨੂੰ ਵਧੀਆ ਬਣਾ ਕੇ ਭੇਜ ਦੇਣਾ ਤੇ ਉਹ ਛਪ ਜਾਣੀਆਂ।
ਖਾਨਦਾਨ ਦੀ ਪਿਰਤ ਨੂੰ ਦੇਖਦਿਆਂ ਹੋਇਆਂ ਇਨ੍ਹਾਂ ਦੇ ਛੋਟੇ ਭਰਾ ਤਰਨਜੀਤ ਸਿੰਘ ਹੋਰਾਂ ਵੀ ਪੱਤਰਕਾਰੀ ਸ਼ੁਰੂ ਕਰ ਦਿੱਤੀ। ਉਸ ਕੋਲ ਅਕਾਸ਼ਬਾਣੀ ਸੀ। ਇੰਜ ਸਾਡੀਆਂ ਖ਼ਬਰਾਂ ਰੇਡੀਓ ਉਤੇ ਵੀ ਬਾਕਾਇਦਗੀ ਨਾਲ ਲੱਗਣ ਲੱਗ ਪਈਆਂ। ਪੰਜਾਬ ਐਗਰੀ. ਯੂਨੀਵਰਸਿਟੀ ਦਾ ਰਸਮੀ ਉਦਘਾਟਨ 8 ਜੁਲਾਈ, 1963 ਨੂੰ ਹੋਇਆ ਸੀ। ਕਸ਼ਮੀਰ ਤੇ ਮੈਂ ਦੋਵੇਂ ਉਸ ਸਮੇਂ ਹਾਜ਼ਰ ਸਾਂ। ਜਦੋਂ ਵੀ ਮਿਲਦੇ ਉਸ ਪ੍ਰੋਗਰਾਮ ਨੂੰ ਯਾਦ ਕਰਦੇ, ਮੁੱਖ ਮੰਤਰੀ ਕੈਰੋਂ ਦੇ ਕੰਮਾਂ ਦੀ ਚਰਚਾ ਹੁੰਦੀ ਅਤੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕਰਦੇ। ਸਟਾਫ਼ ਰਿਪੋਰਟਰ ਬਣਨ ਨਾਲ ਕਸ਼ਮੀਰ ਦੀ ਸਰਕਾਰੀ, ਰਾਜਸੀ ਅਤੇ ਵਪਾਰਕ ਅਦਾਰਿਆਂ ਵਿਚ ਵਧੇਰੇ ਪੁੱਛਗਿੱਛ ਹੋਣ ਲੱਗ ਪਈ। ਲੁਧਿਆਣੇ ਪਹਿਲੀ ਵਾਰ ਹੋਇਆ ਕਿ ਉਸ ਨੂੰ ਰਖ ਬਾਗ਼ ਕੋਲ ਸਰਕਾਰੀ ਕੋਠੀ ਅਲਾਟ ਹੋ ਗਈ। ਦੋਵੇਂ ਭਰਾ ਇਕੱਠੇ ਰਹਿੰਦੇ ਸਨ। ਕਸ਼ਮੀਰ ਪੱਤਰਕਾਰਾਂ ਦੇ ਕਿਸੇ ਵੀ ਗਰੁੱਪ ਵਿਚ ਸ਼ਾਮਿਲ ਨਹੀਂ ਹੋਇਆ। ਕੇਵਲ ਅਜੀਤ ਅਖ਼ਬਾਰ ਦੇ ਬਜ਼ੁਰਗ ਪੱਤਰਕਾਰ ਕਰਮ ਸਿੰਘ ਨੂੰ ਹੀ ਆਪਣੇ ਨਾਲ ਰੱਖਦਾ ਸੀ। ਉਸ ਦੀ ਖ਼ਬਰਾਂ ਲਿਖਣ ਅਤੇ ਭੇਜਣ ਵਿਚ ਹਮੇਸ਼ਾ ਸਹਾਇਤਾ ਕਰਦਾ ਸੀ। ਤਰਨਜੀਤ ਨੇ ਅੰਗਰੇਜ਼ੀ ਦਾ ਸਚਿੱਤਰ ਮੈਗਜ਼ੀਨ ਬੈਰੀਕੇਡ ਸ਼ੁਰੂ ਕੀਤਾ ਤਾਂ ਉਸ ਦਾ ਮੁੱਖ ਲੇਖ ਕਸ਼ਮੀਰ ਹੀ ਲਿਖਦਾ ਸੀ, ਜਿਸ ਵਿਚ ਮੌਜੂਦਾ ਸੂਬੇ ਦੀ ਸਥਿਤੀ ਬਾਰੇ ਬੇਬਾਕ ਚਰਚਾ ਕੀਤੀ ਜਾਂਦੀ ਸੀ। ਹਰ ਹਫਤੇ ਹੀ ਸਾਡੀ ਮੁਲਾਕਾਤ ਹੁੰਦੀ ਸੀ। ਯੂਨੀਵਰਸਿਟੀ ਵਿਚ ਹੜਤਾਲਾਂ ਵੀ ਹੁੰਦੀਆਂ ਸਨ ਤੇ ਧਰਨੇ ਵੀ ਲਗਦੇ ਸਨ, ਝੂਠੀਆਂ ਤੋਹਮਤਾਂ ਵੀ ਲਗਦੀਆਂ ਸਨ। ਇਸ ਕੋਲ ਇਹ ਖ਼ਬਰਾਂ ਪੁੱਜਦੀਆਂ ਸਨ। ਇਨ੍ਹਾਂ ਨੂੰ ਛਾਪਣ ਲਈ ਪ੍ਰਭਾਵ ਵੀ ਪਾਇਆ ਜਾਂਦਾ ਸੀ ਪਰ ਉਸ ਕਦੇ ਵੀ ਗ਼ਲਤ ਖ਼ਬਰ ਨਹੀਂ ਭੇਜੀ ਅਤੇ ਨਾ ਹੀ ਕਿਸੇ ਨੂੰ ਬਲੈਕਮੇਲ ਕੀਤਾ। ਉਸ ਦੀ ਕੋਠੀ ਦਫਤਰ ਦੇ ਨੇੜੇ ਹੀ ਸੀ ਜਿਥੇ ਉਹ ਪੈਦਲ ਹੀ ਜਾਂਦਾ ਸੀ। ਪੰਜਾਬ ਦੇ ਮੁੱਖ ਮੰਤਰੀ, ਸਰਕਾਰੀ ਅਫਸਰ, ਕੇਂਦਰੀ ਮੰਤਰੀ ਆਦਿ ਲੁਧਿਆਣੇ ਆਉਂਦੇ ਹੀ ਰਹਿੰਦੇ ਸਨ। ਉਸ ਨੂੰ ਪ੍ਰੈੱਸ ਕਾਨਫਰੰਸ ਵਿਚ ਲੈ ਕੇ ਜਾਣ ਦੀ ਜ਼ਿੰਮੇਵਾਰੀ ਡੀ.ਪੀ.ਆਰ.ਓ. ਦੀ ਸੀ। ਜੇਕਰ ਕਿਸੇ ਨੇ ਮੁਲਾਕਾਤ ਕਰਨੀ ਹੁੰਦੀ ਸੀ ਤਾਂ ਉਸ ਨੂੰ ਇਸ ਦੇ ਘਰ ਆਉਣਾ ਪੈਂਦਾ। ਇਹ ਆਪਣੇ ਘਰ ਨਾਸ਼ਤੇ ਉਤੇ ਸਨਅਤਕਾਰਾਂ, ਵਜ਼ੀਰਾਂ ਜਾਂ ਕਈ ਵੱਡੀਆਂ ਸ਼ਖ਼ਸੀਅਤਾਂ ਨੂੰ ਬੁਲਾਉਂਦਾ ਸੀ ਤੇ ਘਰ ਬੈਠ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਦਾ ਸੀ। ਇਸ ਦੇ ਛੋਟੇ ਭਰਾ ਨੇ ਵਿਆਹ ਕਰਵਾ ਲਿਆ ਉਸ ਦੀ ਧਰਮਪਤਨੀ ਇਕ ਵੱਡੇ ਕਾਲਜ ਦੀ ਪ੍ਰਿੰਸੀਪਲ ਸੀ। ਹੁਣ ਉਸ ਦੇ ਪਰਿਵਾਰਕ ਰੁਝੇਵਿਆਂ ਵਿਚ ਵਾਧਾ ਹੋ ਗਿਆ ਤੇ ਪੱਤਰਕਾਰੀ ਦਾ ਕੰਮ ਮੱਠਾ ਪੈ ਗਿਆ। ਕਸ਼ਮੀਰ ਅਤੇ ਵੱਡੇ ਭਰਾ ਨੇ ਵਿਆਹ ਨਹੀਂ ਕਰਵਾਇਆ, ਸਗੋਂ ਆਪਣਾ ਸਾਰਾ ਸਮਾਂ ਪੱਤਰਕਾਰੀ ਨੂੰ ਹੀ ਸਮਰਪਿਤ ਕਰ ਦਿੱਤਾ। ਕਿਸੇ ਦਾ ਬੁਰਾ ਨਹੀਂ ਸੋਚਿਆ, ਸਗੋਂ ਜਿਥੋਂ ਤੱਕ ਹੋ ਸਕਿਆ, ਲੋੜਵੰਦਾਂ ਦੀ ਸਹਾਇਤਾ ਹੀ ਕੀਤੀ।
ਸੇਵਾਮੁਕਤੀ ਤੋਂ ਬਾਅਦ ਕਸ਼ਮੀਰ ਨੇ ਸਰਕਾਰੀ ਕੋਠੀ ਖਾਲੀ ਕਰਕੇ ਆਪਣੇ ਛੋਟੇ ਭਰਾ ਨਾਲ ਰਾਜ ਗੁਰੂ ਨਗਰ ਵਿਚ ਰਹਿਣਾ ਸ਼ੁਰੂ ਕਰ ਦਿੱਤਾ। ਕੁਝ ਸਮਾਂ ਉਹ ਘਰੋਂ ਹੀ ਪੱਤਰਕਾਰੀ ਕਰਦਾ ਰਿਹਾ ਅਤੇ ਰਾਜਸੀ ਸਥਿਤੀ ਬਾਰੇ ਲੇਖ ਲਿਖੇ। ਪੰਜਾਬੀ ਵਿਚ ਉਸ ਦੇ ਲੇਖ 'ਅਜੀਤ' ਨੇ ਵੀ ਪ੍ਰਕਾਸ਼ਿਤ ਕੀਤੇ। ਸਵੇਰ ਦੀ ਸੈਰ ਉਹ ਬਾਕਾਇਦਗੀ ਨਾਲ ਕਰਦਾ ਸੀ ਅਤੇ ਸ਼ਾਮ ਨੂੰ ਉਹ ਸਰਾਭਾ ਨਗਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਉਂਦਾ ਸੀ। ਰਾਜਗੁਰੂ ਨਗਰ ਵਿਚ ਉਸ ਸੀਨੀਅਰ ਸਿਟੀਜ਼ਨ ਕਮੇਟੀ ਬਣਾਈ ਅਤੇ ਆਪਣੇ ਯਤਨਾਂ ਨਾਲ ਇਥੇ ਸੀਨੀਅਰ ਸਿਟੀਜ਼ਨ ਭਵਨ ਦੀ ਉਸਾਰੀ ਵੀ ਕਰਵਾਈ। ਸੂਬੇ ਦੀ ਰਾਜਨੀਤਕ ਅਤੇ ਆਰਥਿਕ ਸਥਿਤੀ ਬਾਰੇ ਉਸ ਤਿੰਨ ਕਿਤਾਬਾਂ ਵੀ ਲਿਖੀਆਂ। ਜਿਹੜੀਆਂ ਇਕ ਤਰ੍ਹਾਂ ਨਾਲ ਇਤਿਹਾਸਕ ਦਸਾਤਵੇਜ਼ ਹੀ ਬਣ ਗਈਆਂ। ਪੰਜਾਬ ਦੇ ਔਖੇ ਦਿਨਾਂ ਵਿਚ ਵੀ ਉਸ ਨੇ ਨਿਰਪੱਖ ਪੱਤਰਕਾਰੀ ਦਾ ਮਿਆਰ ਕਾਇਮ ਕੀਤਾ। ਉਹ ਸੱਚਮੁੱਚ ਲੋਕਰਾਜ ਦੇ ਚੌਥੇ ਥੰਮ੍ਹ ਦਾ ਪਹਿਰੇਦਾਰ ਸੀ। ਹੁਣ ਪੱਤਰਕਾਰੀ ਦੀ ਖ਼ਾਨਦਾਨੀ ਪਿਰਤ ਨੂੰ ਤੋਰਦਿਆਂ ਉਸ ਦੀ ਭਤੀਜੀ ਸ਼ੀਤਲ ਚਾਵਲਾ ਯੂਨੀਵਰਸਿਟੀ ਵਿਚ ਬਤੌਰ ਸੰਪਾਦਕ ਕੰਮ ਕਰ ਰਹੀ ਹੈ।