29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਜਾਨਵਰ ਹੀ ਚੰਗੇ ਹਾਂ...

ਅਜੀਤ ਡੈਸਕ 20-07-2025

ਇਨਸਾਨ ਅਤੇ ਜਾਨਵਰ ਦੇ ਪੈਰਾਂ ਵਿਚੋਂ ਸਿਰਫ਼ ਜਾਨਵਰ ਦੇ ਪੈਰ ਸਰੀਰ ਖੱਲ ਕੰਮ ਆਉਂਦੀ ਹੈ, ਕਿਉਂਕਿ ਮਾਸਾਹਾਰੀ ਇਸ ਦਾ ਮੀਟ ਸੂਪ ਬਣਾ ਕੇ ਖਾਂਦੇ-ਪੀਂਦੇ ਹਨ, ਜੁੱਤੀਆਂ ਸਿਵਾਉਂਦੇ, ਕੋਟ, ਦਸਤਾਨੇ ਬਣਵਾਉਂਦੇ ਹਨ ਜਦੋਂ ਕਿ ਬੰਦੇ ਦਾ ਕੁਝ ਵੀ ਕੰਮ ਨਹੀਂ ਆਉਂਦਾ।
ਇਕ ਸ਼ਿਕਾਰੀ ਨੇ ਸਹੇ ਤੇ ਸਹੀ ਦੇ ਜੋੜੇ ਨੂੰ ਜ਼ਿੰਦਾ ਫੜ ਲਿਆ ਤੇ ਪਿੰਜਰੇ ਵਿਚ ਤਾੜ ਲਿਆ।
ਪਰਾਲੀ ਹੇਠ ਵਿਛਾ ਕੇ ਉਨ੍ਹਾਂ ਨੂੰ ਘਾਹ ਫੂਸ ਪਾ ਛੱਡਦਾ, ਪਾਣੀ ਪੀਣ ਨੂੰ ਦੇ ਦਿੰਦਾ। ਤੇ ਕਦੇ ਕਦੇ ਬਚੇ-ਖੁਚੇ ਸਬਜ਼ੀ ਫ਼ਲਾਂ ਦੇ ਟੁਕੜੇ ਛਿੱਲੜ ਵੀ।
ਪਰ ਉਹ ਜਦੋਂ ਵੀ ਪਿੰਜਰੇ ਵੱਲ ਨੂੰ ਆਉਂਦਾ ਤਾਂ ਸਹੇ ਸਹੀ ਦਾ ਸਾਹ ਨਿਕਲ ਜਾਂਦਾ।
'ਸਾਨੂੰ ਇਸ ਪਿੰਜਰੇ ਵਿਚ ਕੈਦ ਹੋਇਆਂ ਪੂਰੇ ਪੰਜ ਮਹੀਨੇ ਹੋ ਗਏ ਹਨ। ' ਸਹੇ ਨੇ ਸਹੀ ਨੂੰ ਕਿਹਾ।
ਸਹੀ ਬੋਲੀ, 'ਹਾਂ× ਸੱਚੀਂ ਸਾਨੂੰ ਪੰਜ ਮਹੀਨੇ ਹੋ ਗਏ ਹਨ, ਜੇ ਸ਼ਿਕਾਰੀ ਨੇ ਆਪਾਂ ਨੂੰ ਨਾ ਖਾਧਾ ਤਾਂ ਸ਼ਾਇਦ ਹੁਣ ਸੁੱਖਸਾਂਦ ਨਾਲ ਆਪਣੇ ਬੱਚੇ ਵੀ ਹੋ ਜਾਣਗੇ ਤੇ ਫਿਰ ਉਨ੍ਹਾਂ ਨਾਲ ਖੇਡਿਆ ਕਰਾਂਗੇ। '
ਸਹੇ ਨੇ ਉਸ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ, 'ਇੰਜ ਹੁਣ ਅਸੀਂ ਦੋ ਤੋਂ ਪੰਜ ਛੇ ਬਣ ਜਾਣਾ ਹੈ। '
ਸਹੇ ਨੇ ਕਿਹਾ , 'ਅਸੀਂ ਤਾਂ ਕੈਦੀਆਂ ਵਾਂਗੂੰ ਜ਼ਿੰਦਗੀ ਬਿਤਾ ਹੀ ਰਹੇ ਹਾਂ। ਹੁਣ ਸਾਡੇ ਬੱਚੇ ਵੀ ਕੈਦ ਹੰਢਾਉਣਗੇ। ਗੁਲਾਮ ਬਣ ਕੇ ਰਹਿਣਗੇ। '
ਕਮਲੀਏ ਗੁਲਾਮੀ ਵਿਚ ਆਸਾਂ ਨਹੀਂ ਪਾਲੀ ਦੀਆਂ ਉਮੀਦਾਂ ਨੇ ਰੱਖੀ ਦੀਆਂ।
ਚਾਅ ਸਰਾਣੇ ਰੱਖ ਕੇ ਨਾ ਸੋਇਆ ਕਰ।
ਬਾਅਦ ਵਿਚ ਹਉਕਿਆਂ 'ਚ ਡੁੱਬੇ ਰਹਾਂਗੇ।
ਉਹਨੇ ਹੋਰ ਕਿਹਾ ਕਿ ਆਪਾਂ ਤਾਂ ਨਾਲੇ ਖੇਤਾਂ ਫ਼ਸਲਾਂ ਕੁਦਰਤ ਵਿਚ ਦੌੜ-ਦੌੜ ਖੇਡ ਖੇਡ ਕੇ ਵੀ ਦੇਖ ਆਨੰਦ ਮਾਣ ਲਿਆ ਹੈ। ਨੀਲੇ ਅਸਮਾਨ ਹੇਠ ਚਾਨਣੀਆਂ ਰਾਤਾਂ ਵਿਚ ਵੀ ਚਾਅ ਪੂਰੇ ਕਰ ਲਏ ਹਨ। ਪਰ ਸਾਡੇ ਬੱਚੇ ਤਾਂ ਸ਼ਾਇਦ ਦੌੜਨਾ ਕੁੱਦਣਾ ਨੱਚਣਾ ਵੀ ਭੁੱਲ ਜਾਣਗੇ। ਜੇ ਇਸ ਨੇ ਜ਼ਰਾ ਖੁੱਲ੍ਹ ਵੀ ਦੇ ਦਿੱਤੀ ਤਾਂ'
ਇਹ ਸੁਣ ਕੇ ਸਹੀ ਨੇ ਲੰਬਾ ਹਾਉਕਾ ਲੈਂਦਿਆਂ ਕਿਹਾ, 'ਪਰ ਸਾਡਾ ਕਸੂਰ ਕੀ ਸੀ? ਸਾਨੂੰ ਇਸ ਨੇ ਕੈਦ ਕਿਉਂ ਕੀਤਾ। ਅਸੀਂ ਇਸ ਸ਼ਿਕਾਰੀ ਦਾ ਨੁਕਸਾਨ ਕੀ ਕੀਤਾ ਸੀ। ਅਸੀਂ ਫ਼ਸਲਾਂ ਵਿਚ ਘਾਹ ਪੱਠਾ ਖਾਂਦੇ ਫਿਰਦੇ ਸੀ ਨੱਚਦੇ। ਇਹਦਾ ਕੀ ਗਵਾਇਆ ਸੀ ਅਸੀਂ ਇਹ ਸਾਡਾ ਵੈਰੀ ਮਾਲਕ ਕਿਉਂ ਬਣ ਬੈਠਾ। ਕੀ ਸਵਾਦ ਭੋਜਨ ਮਨਪਰਚਾਵੇ ਲਈ ਸਾਨੂੰ ਕੈਦ ਕਰਨਾ ਇਹਦਾ ਜ਼ਰੂਰੀ ਸੀ?
ਕੀ ਅਸੀਂ ਆਜ਼ਾਦ ਦੌੜਦੇ ਫਿਰਦੇ ਅੱਛੇ ਨਹੀਂ ਸੀ ਲਗਦੇ ਇਹਨੂੰ। ਕੀ ਅਸੀਂ ਕੈਦੀ ਚੰਗੇ ਹਾਂ ਜਾਂ ਆਜ਼ਾਦ?
ਹੋਰ ਵੀ ਤਾਂ ਕਈ ਜੰਗਲੀ ਜਾਨਵਰ ਹਨ। ਸ਼ੇਰ ਚੀਤੇ ਉਨ੍ਹਾਂ ਨੂੰ ਕਿਉਂ ਨਹੀਂ ਕੈਦ ਕਰਦੇ ਇਹ ਸ਼ਿਕਾਰੀ। ਅਸੀਂ ਕਮਜ਼ੋਰ ਮਾੜਕੂ ਸੀ ਤਾਂ ਇਹਨੇ ਕੈਦ ਕਰ ਲਏ। ਕਹਿੰਦਾ ਹੋਣਾ ਜਦੋਂ ਦਿਲ ਕੀਤਾ ਵੱਢ ਕੇ ਮੀਟ ਬਣਾ ਖਾ ਲਵਾਂਗਾ। ਕੁੱਕੜਾਂ ਬੱਕਰਿਆਂ ਨੂੰ ਵੀ ਤਾਂ ਇਸ ਤਰ੍ਹਾਂ ਹੀ ਪਾਲਦੇ ਨੇ ਲੋਕ। ਪੱਠਿਆਂ ਦੇ ਸਿਰ 'ਤੇ ਰੱਖ, ਗਾਵਾਂ ਮੱਝਾਂ ਦਾ ਖੂਨ ਦੁੱਧ ਪੀ ਪੀ ਕੇ ਨਹੀਂ ਰੱਜਦੇ ਇਹ ਵੱਡੇ ਵੱਡੇ ਬਣੇ ਫਿਰਦੇ ਹਨ ਇਨਸਾਨ।
ਸਹੇ ਨੇ ਸਹੀ ਨੂੰ ਦੱਸਿਆ ਇਸਦੇ ਕਈ ਕਾਰਨ ਵੀ ਹੋ ਸਕਦੇ ਹਨ, ਜਿਵੇਂ ਸਾਡਾ ਖੇਡਣਾ ਨੱਚਣਾ, ਖ਼ੂਬਸੂਰਤੀ, ਚੁੱਪ ਅਤੇ ਸਾਡੀ ਹਲੀਮੀ ਤੇ ਸਾਊਪੁਣਾ।
ਸਹੀ ਨੇ ਹਾਂ ਵਿਚ ਸਿਰ ਹਿਲਾਇਆ।
ਤੇ ਹੋਰ ਸੁਣ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਇਨਸਾਨ 'ਤੇ ਭਰੋਸਾ ਕਰ ਬੈਠੇ ਬਈ ਇਹ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣ ਦੇਵੇਗਾ। ਬਸ ਇਹੀ ਸਾਡਾ ਵਿਸ਼ਵਾਸ ਯਕੀਨ ਭਰੋਸਾ ਹੀ ਹੈ ਜੋ ਸਾਨੂੰ ਕੈਦੀ ਬਣਾਈ ਬੈਠਾ ਹੈ।
'ਦਿਲ ਕਰਦਾ ਹੈ ਕਿ ਅਸੀਂ ਵੀ ਸ਼ੇਰ, ਚੀਤੇ, ਸੱਪ ਨਿਓਲੇ ਜਾਂ ਬਾਜ਼ ਹੁੰਦੇ ਤਾਂ ਅੱਜ ਕੈਦੀ ਗੁਲਾਮ ਨਾ ਬਣਦੇ। '
ਸਹੇ ਨੇ ਹੋਰ ਕਿਹਾ, 'ਤੇ ਹਾਂ ਤੂੰ ਜਿਹੜੇ ਬੱਚਿਆਂ ਦੀ ਖ਼ੁਸ਼ੀ ਮਨਾ ਰਹੀ ਏਂ ਉਹ ਤਾਂ ਤੁਰਨ ਫਿਰਨ ਨੱਚਣ ਕੁੱਦਣ ਤੱਕ ਕਿਸੇ ਹੋਰ ਸ਼ਿਕਾਰੀ ਦੇ ਪਿੰਜਰੇ ਵਿਚ ਕੈਦੀ ਬਣਾ ਲਏ ਜਾਣਗੇ। ਅਸੀਂ ਆਪਣੀ ਔਲਾਦ ਦੀ ਇਸ ਪ੍ਰਸੰਨਤਾ 'ਚੋਂ ਕੀ ਖੱਟਾਂਗੇ। '
'ਉਹ ਕਿਉਂ?' ਸਹੀ ਨੇ ਹੈਰਾਨੀ ਨਾਲ ਪੁੱਛਿਆ।
ਸਹੇ ਨੇ ਕਿਹਾ, 'ਮੈਂ ਹੌਲੀ ਹੌਲੀ ਸੁਣਿਆ ਹੈ ਆਪਣਾ ਸ਼ਿਕਾਰੀ ਕੱਲ੍ਹ ਕਿਸੇ ਨਾਲ ਗੱਲਾਂ ਕਰ ਰਿਹਾ ਸੀ ਕਿ ਜਦੋਂ ਇਨ੍ਹਾਂ ਸਹੀ ਸਹੇ ਨੇ ਬੱਚੇ ਦਿੱਤੇ ਤਾਂ ਉਨ੍ਹਾਂ ਨੂੰ ਵੇਚ ਕੇ ਆਪਣਾ ਸਾਰਾ ਕਰਜ਼ਾ ਉਤਾਰ ਦੇਵੇਗਾ। '
ਸਹੀ ਵਿਚਾਰੀ ਇਹ ਸੁਣ ਕੇ ਉਦਾਸ ਹੋ ਗਈ, ਡੂੰਘੇ ਗ਼ਮ ਉਦਾਸੀ ਵਿਚ ਡੁੱਬੀ ਪਿੰਜਰੇ ਦੇ ਇਕ ਕੋਣੇ ਵਿਚ ਜਾ ਬੈਠੀ ਅਤੇ ਮਨ ਵਿਚ ਸੋਚਣ ਲੱਗੀ, 'ਹੇ ਰੱਬਾ ਜੇ ਤੂੰ ਕਿਤੇ ਹੈਂ ਤਾਂ ਸਾਨੂੰ ਕਿਤੇ ਅਗਲੇ ਜਨਮ ਵਿਚ ਮਨੁੱਖ ਬੰਦਾ ਜਾਂ ਇਨਸਾਨ ਨਾ ਬਣਾ ਦੇਵੀਂ। ਨਹੀਂ ਤਾਂ ਅਸੀਂ ਵੀ ਦੂਜਿਆਂ ਨੂੰ ਕੈਦ ਕਰਕੇ ਆਪਣਾ ਭੋਜਨ ਬਣਾਉਂਦੇ ਰਹਾਂਗੇ ਤੇ ਉਨ੍ਹਾਂ ਦੇ ਬੱਚਿਆਂ ਨੂੰ ਅਗਾਂਹ ਵਿਉਪਾਰੀਆਂ ਨੂੰ ਵੇਚ ਵੇਚ ਕੇ ਆਪਣਾ ਬਿਜ਼ਨਸ ਵਧਾਉਂਦੇ ਰਹਾਂਗੇ ਤੇ ਆਪਣਾ ਪੇਟ ਭਰਦੇ ਰਹਾਂਗੇ।
ਸਹੀ ਸਹੇ ਨੇ ਉਦਾਸ ਬੈਠਿਆਂ ਗੱਲਾਂ ਕੀਤੀਆਂ। ਅਸੀਂ ਤਾਂ ਜਾਨਵਰ ਹੀ ਚੰਗੇ ਹਾਂ। ਇਨ੍ਹਾਂ ਲੋਕਾਂ ਇਨਸਾਨਾਂ ਦਾ ਢਿੱਡ ਤਾਂ ਭਰਦੇ ਰਹੇ ਵਪਾਰ ਤਾਂ ਚਲਾਉਂਦੇ ਰਹੇ, ਚਾਹੇ ਭੋਜਨ ਬਣ ਕੇ ਤੇ ਚਾਹੇ ਅਗਾਂਹ ਤੋਂ ਅਗਾਂਹ ਹੋਰ ਹੱਥਾਂ ਵਿਚ ਵਿਕ ਕੇ।
ਸਹਿਆ ਸਹੀ ਨੂੰ ਆਪਣੀਆਂ ਬਾਹਾਂ 'ਚ ਲੈ ਕੇ ਪਿਆਰ ਕਰਨ ਲੱਗਾ ਤੇ ਸੰਤੁਸ਼ਟੀ ਨਾਲ ਕਹਿਣ ਲੱਗਾ ਅਸੀਂ ਤਾਂ ਲੱਖਾਂ ਇਨਸਾਨਾਂ ਨਾਲੋਂ ਚੰਗੇ ਹਾਂ।
ਉਹ ਦੁਨੀਆ ਦੇ ਕਾਦਰ ਕਰਤਾ ਸਾਨੂੰ ਕਿਤੇ ਇਨਸਾਨ ਨਾ ਬਣਾ ਦੇਵੀਂ, ਸਾਨੂੰ ਜਾਨਵਰ ਹੀ ਬਣੇ ਰਹਿਣ ਦੇਵੀਂ। ਅਸੀਂ ਤਾਂ ਜਾਨਵਰ ਹੀ ਚੰਗੇ, ਕਿਤੇ ਕਿਸੇ ਬੰਦੇ ਦੀ ਜੂਨ ਨਾ ਮਿਲ ਜਾਵੇ। ਇਹੋ ਜਿਹੇ ਇਨਸਾਨ ਬਣ ਕੇ ਕੀ ਲੈਣਾ।
ਕਿਸੇ ਦਾ ਸਵਾਦਲਾ ਭੋਜਨ ਬਣਾਂਗੇ, ਕਿਸੇ ਸੋਹਣੇ ਹੱਥ ਦਾ ਪਰਸ ਦਸਤਾਨਾ ਤੇ ਜਾਂ ਕਿਸੇ ਦਾ ਵਪਾਰ ਚਲਾਵਾਂਗੇ ਵਧਾਵਾਂਗੇ ਤਾਂ ਕਿ ਉਹ ਰੋਟੀ ਖਾਣ ਜੋਗਾ ਰਹੇ ਤੇ ਇਹ ਦੁਨੀਆ ਵਸੀ ਰਹੇ।
ਸਾਡੀ ਜ਼ਿੰਦਗੀ ਜੇ ਇਸ ਤਰ੍ਹਾਂ ਲੇਖੇ ਲੱਗਦੀ ਹੈ ਤਾਂ ਸਦੀਆਂ ਜਿਉਣਗੀਆਂ, ਖੇੜੇ ਰਹਿਣਗੇ ਘਰਾਂ ਵਿਚ। ਸਹੇ ਸਹੀ ਨੇ ਇਨਸਾਨੀ ਸੰਸਾਰ ਨੂੰ ਸੁਨੇਹਾ ਦਿੱਤਾ ਤੇ ਗਲਵੱਕੜੀ ਪਾ ਕੇ ਸੌਂ ਗਏ।

Email: drtanda193@gmail.com

ਪਿਛਲੀ ਖ਼ਬਰ ਕਿੱਧਰ ਗਈਆਂ ਖੇਡਾਂ? ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ-32

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।