* ਗੁਰਦਿਆਲ ਰੌਸ਼ਨ *
ਰਮਨ ਸੰਧੂ ਜਦੋਂ ਗ਼ਜ਼ਲ ਲਿਖਦਾ ਹੈ ਤਾਂ ਸਾਰੇ ਦਾ ਸਾਰਾ ਗ਼ਜ਼ਲ ਹੋ ਜਾਂਦਾ ਹੈ। ਉਹ ਗ਼ਜ਼ਲ ਵਿਚ ਰਚਮਿਚ ਜਾਂਦਾ ਹੈ ਤੇ ਗ਼ਜ਼ਲ ਉਸ ਵਿਚ ਸਮਾ ਜਾਂਦੀ ਹੈ। ਉਸ ਦੇ ਸ਼ਿਅਰਾਂ ਵਿਚ ਖ਼ੂਬਸੂਰਤੀ ਤੇ ਦਿਲਕਸ਼ੀ ਐਵੇਂ ਨਹੀਂ ਆ ਜਾਂਦੀ। ਰਮਨ ਗ਼ਜ਼ਲ ਲਹਿਰ ਤੋਂ ਬਾਅਦ ਦੀ ਉਪਜ ਹੈ ਜਿਸ ਨੇ ਕਈ ਹੋਰਾਂ ਵਾਂਗ ਪੰਜਾਬੀ ਗ਼ਜ਼ਲ ਨੂੰ ਇਕ ਬਿੰਦੂ 'ਤੇ ਨਹੀਂ ਰੱਖਿਆ ਸਗੋਂ ਵਿਸ਼ਾਲਤਾ ਪੈਦਾ ਕੀਤੀ ਹੈ। 13 ਫਰਵਰੀ 1970 ਨੂੰ ਪੈਦਾ ਹੋਇਆ ਸੰਧੂ ਅਜੇ ਕੁਝ ਮਹੀਨਿਆਂ ਦਾ ਹੀ ਸੀ ਜਦੋਂ ਪਿਤਾ ਦਾ ਸਾਇਆ ਸਿਰ 'ਤੇ ਨਾ ਰਿਹਾ। ਉਹ ਇੰਜਨੀਅਰ, ਅਧਿਆਪਕ ਤੇ ਪੱਤਰਕਾਰ ਬਣਿਆ ਪਰ ਉਸ ਨੂੰ ਇਕ ਗ਼ਜ਼ਲਕਾਰ ਦੇ ਤੌਰ 'ਤੇ ਵਧੇਰੇ ਤ੍ਰਿਪਤੀ ਮਿਲੀ ਹੈ। ਉਸ ਦੀ ਬੇਬਾਕੀ ਕਾਰਨ ਉਸ ਦੀ ਮਿੱਤਰ-ਮੰਡਲੀ ਵਿਚ ਸਿਰਫ਼ ਇਸਪਾਤ ਦੇ ਦਿਲ ਵਾਲੇ ਲੋਕ ਹੀ ਸ਼ਾਮਿਲ ਹਨ। 'ਸੁਪਨੇ ਕੀ ਸੋਚਣਗੇ', 'ਸੁਪਨਿਆਂ ਸੰਗ ਸੰਵਾਦ' ਤੇ 'ਬੰਸਰੀ 'ਚ ਕੈਦ ਸੁਰ' ਗ਼ਜ਼ਲ ਸੰਗ੍ਰਹਿਾਂ ਨੇ ਉਸ ਨੂੰ ਸਥਾਪਿਤ ਪੰਜਾਬੀ ਗ਼ਜ਼ਲਕਾਰਾਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈ। ਪੇਸ਼ ਹਨ ਰਮਨ ਸੰਧੂ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002
ਕਿਸੇ ਨੇ ਸੋਖਿਆ ਕੁਝ ਇਸ ਕਦਰ ਵੱਤਰਪੁਣਾ ਮੇਰਾ।
ਕਈ ਨਜ਼ਮਾਂ ਦੇ ਬੀਅ ਗ਼ਰਕਾ ਗਿਆ ਬੰਜਰਪੁਣਾ ਮੇਰਾ।
ਮੇਰੇ ਇਤਿਹਾਸ ਨੂੰ ਸਮਝਣ ਦੀ ਕਰਿਓ ਨਾ ਕਦੇ ਕੋਸ਼ਿਸ਼,
ਤੁਹਾਡੀ ਸੋਚ ਵਿਚ ਘਰ ਕਰ ਲਊ ਖੰਡਰਪੁਣਾ ਮੇਰਾ।
ਮੈਂ ਹੌਲਾ ਹੋ ਗਿਆਂ ਕੁਝ ਸ਼ੀਸ਼ਿਆਂ ਨੂੰ ਤੋੜ ਕੇ, ਵਰਨਾ,
ਮੇਰੇ ਕਿਰਦਾਰ 'ਤੇ ਇਕ ਬੋਝ ਸੀ ਪੱਥਰਪੁਣਾ ਮੇਰਾ।
ਮੇਰੀ ਨਾਪਾਕ ਇੱਛਾ ਜਾਣ ਕੇ ਉਹ ਮੁੜ ਗਈ ਪਿੱਛੇ,
ਨਦੀ ਨੂੰ ਦੂਰ ਤੋਂ ਹੀ ਦਿਸ ਗਿਆ ਸਾਗਰਪੁਣਾ ਮੇਰਾ।
ਮੈਂ ਦੋ ਦੋ ਬੇੜੀਆਂ 'ਤੇ ਪੈਰ ਧਰਦਾ ਸਾਂ, ਤੇ ਫਿਰ ਇਕ ਦਿਨ,
ਮੇਰੀ ਸੰਜੀਦਗੀ ਨੂੰ ਖਾ ਗਿਆ ਫ਼ੱਕਰਪੁਣਾ ਮੇਰਾ।
ਮੇਰੇ ਖ਼ਾਬਾਂ 'ਚ ਕਿਉਂ ਆਉਂਦੇ ਨੇ ਮੰਦਰ, ਮਸਜਿਦਾਂ ਅੱਜਕਲ੍ਹ,
ਮੇਰੇ ਤੋਂ ਸਾਂਭ ਕਿਉਂ ਹੁੰਦਾ ਨਹੀਂ ਕਾਫ਼ਰਪੁਣਾ ਮੇਰਾ?
*
*
ਉਹ ਕਹਿੰਦੇ ਨੇ ਕਵੀ ਬਣਨੈ ਤਾਂ ਦਿਲ ਟੁੱਟਣਾ ਜ਼ਰੂਰੀ ਹੈ।
ਸੋ ਜ਼ਾਹਰ ਹੈ ਕਿ ਦਿਲ ਟੁੱਟਣਾ ਹੈ ਤਾਂ ਲੱਗਣਾ ਜ਼ਰੂਰੀ ਹੈ।
ਜੇ ਔੜਾਂ ਨਾਲ ਲੜਦਾ ਮਰ ਗਿਆ ਸਮਝੋ ਸ਼ਹਾਦਤ, ਪਰ,
ਨਮੀ ਮਿੱਟੀ 'ਚ ਹੈ ਤਾਂ ਬੀਜ ਦਾ ਉੱਗਣਾ ਜ਼ਰੂਰੀ ਹੈ।
ਪਰਾਂ ਦੀ ਹੋਂਦ ਦਾ ਅਹਿਸਾਸ ਹੀ ਕਾਫ਼ੀ ਨਹੀਂ ਹੁੰਦਾ,
ਜੇ ਅੰਬਰ ਛੂਹਣ ਦੀ ਇੱਛਾ ਹੈ ਤਾਂ ਉੱਡਣਾ ਜ਼ਰੂਰੀ ਹੈ।
ਜ਼ਮਾਨਾ ਤੇਜ਼ ਹੈ, ਤੁਰ ਕੇ ਗੁਜ਼ਾਰਾ ਹੀ ਨਹੀਂ ਹੋਣਾ,
ਅਗਰ ਆਉਣੈ ਅੱਵਲ ਤੂੰ, ਫਿਰ ਤੇਰਾ ਭੱਜਣਾ ਜ਼ਰੂਰੀ ਹੈ।
ਸਲਾਹੇਂਗਾ ਤਾਂ ਉੱਠੇਗੀ, ਤੇਰੇ ਪੇਸ਼ੇ 'ਤੇ ਵੀ ਉਂਗਲੀ,
ਆਲੋਚਕ ਵਾਸਤੇ ਹਰ ਸ਼ਿਅਰ ਨੂੰ ਭੰਡਣਾ ਜ਼ਰੂਰੀ ਹੈ।
ਉਦ੍ਹੇ ਕਮਰੇ 'ਚ ਪੱਛਮ ਦੀ ਤਰਫ਼ ਖੁੱਲ੍ਹਦੀ ਹੈ ਖਿੜਕੀ, ਸੋ,
ਮੇਰਾ ਚੜ੍ਹਨਾ ਨਹੀਂ ਹੈ ਲਾਜ਼ਮੀ, ਡੁੱਬਣਾ ਜ਼ਰੂਰੀ ਹੈ।