ਜਲੰਧਰ, 20 ਨਵੰਬਰ (ਸ਼ਿਵ)-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ 350ਵੀਂ ਵਰੇ੍ਹਗੰਢ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 21 ਨਵੰਬਰ ਅਤੇ 22 ਨਵੰਬਰ ਨੂੰ ਜ਼ਿਲ੍ਹਾ ਜਲੰਧਰ 'ਚ ਪੂਰੇ ਸ਼ਰਧਾ ਅਤੇ ਸਤਿਕਾਰ ਨਾਲ ਨਿਕਲ ਰਿਹਾ ਹੈ | ਇਸ ਪਵਿੱਤਰ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤ ਦੀ ਹਾਜ਼ਰੀ ਦੀ ਉਮੀਦ ਹੈ | ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਾਰੇ ਜਲੰਧਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਨਗਰ ਕੀਰਤਨ ਵਿਚ ਵੱਧ ਤੋਂ ਵੱਧ ਸ਼ਿਰਕਤ ਕਰਕੇ ਆਪਣੀ ਸ਼ਰਧਾ ਅਤੇ ਗੁਰੂ ਘਰ ਪ੍ਰਤੀ ਭਾਵਨਾ ਪ੍ਰਗਟ ਕਰਨ | ਉਨ੍ਹਾਂ ਨੇ ਅਪੀਲ ਕੀਤੀ ਕਿ ਨਗਰ ਕੀਰਤਨ ਦੇ ਰੂਟ 'ਤੇ ਸਫ਼ਾਈ, ਟ੍ਰੈਫਿਕ ਪ੍ਰਬੰਧ ਅਤੇ ਸ਼ਾਂਤੀ ਬਣਾਈ ਰੱਖਣ ਲਈ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕੀਤਾ ਜਾਵੇ | ਉਧਰ ਨਗਰ ਕੀਰਤਨ ਵਾਲੇ ਰੂਟ 'ਤੇ ਸਫ਼ਾਈ ਅਤੇ ਟ੍ਰੈਫਿਕ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਨਗਰ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ | ਸੁਪਰਡੈਂਟ ਮਨਦੀਪ ਸਿੰਘ ਅਤੇ ਅਮਿੱਤ ਕਾਲੀਆ ਦੀ ਦੇਖਰੇਖ ਹੇਠ ਟੀਮ ਨੇ ਨਗਰ ਕੀਰਤਨ ਦੇ ਰੂਟ 'ਤੇ ਪੈਂਦੀਆਂ ਸਾਰੀਆਂ ਅਸਥਾਈ ਕਬਜ਼ਿਆਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਇਆ ਅਤੇ ਪੂਰੇ ਇਲਾਕੇ ਨੂੰ ਪੂਰੀ ਤਰ੍ਹਾਂ ਸਾਫ਼ ਕਰਵਾਇਆ |