ਅਜਨਾਲਾ (ਅੰਮ੍ਰਿਤਸਰ), 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਤੰਬਰ ਮਹੀਨੇ ਦੌਰਾਨ ਹੋ ਰਹੀ ਬੇਮੌਸਮੀ ਬਾਰਿਸ਼ ਅਤੇ ਅੱਜ ਚੱਲੀਆਂ ਤੇਜ਼ ਹਵਾਵਾਂ ਨੇ ਬਾਸਮਤੀ ਉਤਪਾਦਕ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਮੀਂਹ ਕਾਰਨ ਜਿਥੇ ਖੇਤਾਂ ਵਿਚ ਪੱਕਣ ਕਿਨਾਰੇ ਪੁੱਜੀ ਬਾਸਮਤੀ ਦੀ ਅਗੇਤੀ ਫਸਲ ਪ੍ਰਭਾਵਿਤ ਹੋਣ ਦਾ ਡਰ ਬਣਿਆ ਹੋਇਆ ਹੈ, ਉੱਥੇ ਹੀ ਮੰਡੀਆਂ ਵਿਚ ਵਿਕਰੀ ਲਈ ਪਹੁੰਚੀ ਅਤੇ ਖੁੱਲ੍ਹੇ ਅਸਮਾਨ ਹੇਠ ਪਈ ਫ਼ਸਲ ਦੇ ਵੀ ਮੀਂਹ ਦੀ ਮਾਰ ਹੇਠ ਆਉਣ ਦਾ ਖ਼ਦਸ਼ਾ ਹੈ। ਕਿਸਾਨਾਂ ਅਨੁਸਾਰ ਕਈ ਥਾਵਾਂ ’ਤੇ ਲਗਾਤਾਰ ਬਾਰਿਸ਼ ਕਾਰਨ ਖੇਤਾਂ ਵਿਚ ਪਾਣੀ ਖੜ੍ਹ ਗਿਆ ਹੈ। ਪੱਕਣ ਦੇ ਪੜਾਅ ’ਤੇ ਪਹੁੰਚੀ ਬਾਸਮਤੀ ਦੀ ਫ਼ਸਲ ਲਈ ਇਹ ਮੌਸਮ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਜੇਕਰ ਮੀਂਹ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਫਸਲ ਦੀ ਗੁਣਵੱਤਾ ਅਤੇ ਪੈਦਾਵਾਰ ਪ੍ਰਭਾਵਿਤ ਹੋਣ ਦਾ ਡਰ ਹੈ।
ਦੂਜੇ ਪਾਸੇ ਮੰਡੀਆਂ ਵਿਚ ਕਿਸਾਨਾਂ ਵਲੋਂ ਲਿਆਂਦੀ ਜਾ ਰਹੀ ਬਾਸਮਤੀ ਦੀ ਫ਼ਸਲ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਬਣੀ ਹੋਈ ਹੈ। ਕਈ ਥਾਵਾਂ ’ਤੇ ਖੁੱਲ੍ਹੇ ਅਸਮਾਨ ਹੇਠ ਪਈ ਫ਼ਸਲ ’ਤੇ ਮੀਂਹ ਪੈਣ ਨਾਲ ਇਸ ਦੇ ਨਮੀ ਫੜਨ ਅਤੇ ਗੁਣਵੱਤਾ ਪ੍ਰਭਾਵਿਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਾਸਮਤੀ ਦੀ ਫ਼ਸਲ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਦਾ ਨਤੀਜਾ ਹੈ ਅਤੇ ਇਸ ਸਮੇਂ ਮੌਸਮ ਦੀ ਖ਼ਰਾਬੀ ਕਾਰਨ ਪੈਦਾ ਹੋਈ ਸਥਿਤੀ ਨੇ ਉਨ੍ਹਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ।