ਮਹਿੰਗੀਆਂ ਐਲ. ਈ. ਡੀ. ਲਾਈਟਾਂ ਗਾਇਬ ਕਰ ਕੇ ਲੱਗ ਰਹੀਆਂ 100 ਰੁਪਏ ਵਾਲੀਆਂ ਲਾਈਟਾਂ
ਅਜੀਤ ਡੈਸਕ
21-11-2025
ਲਾਈਟਾਂ ਬੰਦ ਹੋਣ ਦੀ ਪ੍ਰਮੁੱਖ ਸਕੱਤਰ ਨੂੰ ਕੀਤੀ ਸ਼ਿਕਾਇਤ
ਜਲੰਧਰ ਭਾਜਪਾ ਦੇ ਆਗੂ ਪ੍ਰਦੀਪ ਖੁੱਲਰ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੂੰ ਇੱਕ ਪੱਤਰ ਲਿਖ ਕੇ ਮਾਸਟਰ ਗੁਰਬੰਤਾ ਸਿੰਘ ਮਾਰਗ ਜਲੰਧਰ ਵਿਚ 100 ਤੋਂ ਵੱਧ ਸਟਰੀਟ ਲਾਈਟਾਂ ਦੇ ਲੰਬੇ ਸਮੇਂ ਤੋਂ ਬੰਦ ਹੋਣ ਦੀ ਸ਼ਿਕਾਇਤ ਕੀਤੀ ਹੈ | ਉਨ੍ਹਾਂ ਨੇ ਲਿਖਿਆ ਕਿ ਇਸ ਰਸਤੇ 'ਤੇ ਨਹਿਰ ਦੇ ਨਾਲ ਇੱਕ ਸੈਰਗਾਹ ਬਣਾਈ ਗਈ ਹੈ ਪਰ ਬਦਕਿਸਮਤੀ ਨਾਲ ਇਨ੍ਹਾਂ 'ਚੋਂ ਇੱਕ ਵੀ ਸਟਰੀਟ ਲਾਈਟ 10 ਮਹੀਨਿਆਂ ਤੋਂ ਵੱਧ ਸਮੇਂ ਤੋਂ ਕੰਮ ਨਹੀਂ ਕਰ ਰਹੀ ਹੈ | ਉਸ ਨੇ ਨਿਗਮ ਅਫ਼ਸਰਾਂ ਨੂੰ ਸ਼ਿਕਾਇਤ ਕੀਤੀ ਪਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ | ਇਸ ਕਰਕੇ ਉਨਾਂ ਨੂੰ ਇਸ ਸਮੱਸਿਆ ਬਾਰੇ ਜਾਣੰੂ ਕਰਵਾਇਆ ਗਿਆ ਹੈ | ਇਸ ਮਾਮਲੇ ਵਿਚ ਲਾਪਰਵਾਹੀ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਜੇਕਰ ਇਹ ਮੁੱਦਾ ਜਲਦੀ ਹੱਲ ਨਹੀਂ ਹੋਇਆ ਤਾਂ ਉਹ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਦੇ ਦਫ਼ਤਰਾਂ ਦੇ ਬਾਹਰ ਧਰਨਾ ਦੇਣਗੇ | ਆਪ ਲੋਕਾਂ ਦੇ ਮਸਲੇ ਹੱਲ ਕਰਨ ਵਿਚ ਅਸਫਲ ਰਹੀ ਹੈ |