ਜਲੰਧਰ, 20 ਨਵੰਬਰ (ਪਵਨ ਖਰਬੰਦਾ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਪਿੰਡ ਹਜ਼ਾਰਾ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿੱਥੇ ਗੁਰੂ ਸਾਹਿਬ ਜੀ ਦੇ ਮਹਾਨ ਜੀਵਨ ਅਤੇ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਇਆ ਗਿਆ | ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦੌਰਾਨ ਢਾਡੀ ਵਾਰਾਂ ਅਤੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਦੌਰਾਨ ਭਾਈ ਕਰਨਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਮਹਾਂਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਗਦੀਪ ਸਿੰਘ ਹਜ਼ੂਰੀ ਰਾਗੀ ਦੇ ਜਥਿਆਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਗਿਆਨੀ ਗੁਰਜੀਤ ਸਿੰਘ ਗੌਰੀ ਜਾਂਗਲਾ ਦੇ ਢਾਡੀ ਜਥੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਸਬੰਧ 'ਚ ਵਾਰਾਂ ਦਾ ਗਾਇਨ ਕੀਤਾ | ਵਿਸ਼ੇਸ਼ ਤੌਰ 'ਤੇ ਬਾਬਾ ਜੀਤ ਸਿੰਘ ਨਿਰਮਲ ਕੁਟੀਆ ਜੌਹਲਾਂ ਅਤੇ ਬਾਬਾ ਹਰਜਿੰਦਰ ਸਿੰਘਗੁਰਦੁਆਰਾ ਡੇਰਾ ਚਾਹ ਵਾਲਾ ਜੌਹਲਾਂ ਨੇ ਵੀ ਇਸ ਸਮਾਮਗ 'ਚ ਸ਼ਿਰਕਤ ਕੀਤੀ | ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਆਮ ਆਦਮੀ ਪਾਰਟੀ ਤੋਂ ਹਲਕਾ ਆਦਮਪੁਰ ਦੇ ਇੰਚਾਰਜ ਤੇੇ ਚੇਅਰਮੈਨ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਪਵਨ ਕੁਮਾਰ ਟੀਨੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ, ਗੁਰਚਰਨ ਸਿੰਘ ਚੰਨੀ ਸਾਬਕਾ ਚੇਅਰਮੈਨ, ਬਲਬੀਰ ਸਿੰਘ ਬਿੱਟੂ ਸੀਨੀਅਰ ਡਿਪਟੀ ਮੇਅਰ, ਰਣਦੀਪ ਸਿੰਘ ਹੀਰ ਐਸ.ਡੀ.ਐਮ. 1, ਦਵਿੰਦਰ ਸਿੰਘ ਬੁੱਢਿਆਣਾ, ਬਲਤੇਜ ਸਿੰਘ ਨਾਇਬ ਤਹਿਸੀਲਦਾਰ, ਸਾਬਕਾ ਸਰਪੰਚ ਹੁਸਨਲਾਲ, ਅਮਰਜੀਤ ਸਿੰਘ ਬੀਡੀਓ, ਰਾਜੀਵ ਕੁਮਾਰ ਡੀਐਸਪੀ, ਥਾਣਾ ਪਤਾਰਾ ਮੁਖੀ, ਗੁਰਦੀਪ ਸਿੰਘ ਮੀਤ ਪ੍ਰਧਾਨ, ਕਿਸ਼ਨ ਸਿੰਘ ਕਮੇਟੀ ਮੈਂਬਰ, ਲਖਬੀਰ ਸਿੰਘ ਔਲਖ, ਸੌਦਾਗਰ ਸਿੰਘ ਬਲਾਕ ਪ੍ਰਧਆਨ, ਦਲਜੀਤ ਸਿੰਘ ਮਿਨਹਾਸ, ਜੋਗੀ ਗਾਂਧੀ, ਚਰਨਜੀਤ ਸਿੰਘ ਸ਼ੇਰੀ, ਪਰਮਜੀਤ ਪੰਮਾ ਸੰਗਠਨ ਇੰਚਾਰਜ, ਰਕੇਸ਼ ਅਗਰਵਾਲ, ਰਾਜਾ ਡਰੋਲੀ, ਮਦਨ ਸਿੰਘ ਜ਼ਿਲ੍ਹਾ ਸੈਕਟਰੀ, ਕੈਂਪੀ ਪਤਾਰਾ ਤੇ ਪਿੰਡ ਹਜ਼ਾਰਾ ਦੇ ਸਮੂਹ ਪੰਚਾਇਤ ਅਤੇ ਨਗਰ ਨਿਵਾਸੀ ਹਾਜ਼ਰ ਸਨ | ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਨੂੰ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵੱਖ-ਵੱਖ ਸਥਾਨਾਂ ਤੋਂ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨਾਂ 'ਚੋਂ ਇਕ ਨਗਰ ਕੀਰਤਨ 21 ਨਵੰਬਰ ਨੂੰ ਜਲੰਧਰ ਵਿਖੇ ਪ੍ਰਵੇਸ਼ ਕਰੇਗਾ ਅਤੇ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ | ਉਨ੍ਹਾਂ ਦੱਸਿਆ ਕਿ 21 ਨਵੰਬਰ ਨੂੰ ਜਲੰਧਰ ਵਿਖੇ ਹੀ ਨਗਰ ਕੀਰਤਨ ਦਾ ਠਹਿਰਾਅ ਹੋਵੇਗਾ, ਜਿਸ ਦੇ ਸ਼ਾਨਦਾਰ ਸਵਾਗਤ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ | ਚੇਅਰਮੈਨ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਪਵਨ ਕੁਮਾਰ ਟੀਨੂੰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਨੁੱਖਤਾ ਅਤੇ ਦਇਆ ਦੇ ਸੰਦੇਸ਼ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਪਹਿਲੀ ਵਾਰ ਹਰ ਜ਼ਿਲ੍ਹੇ ਵਿੱਚ ਪਹੁੰਚਣ 'ਤੇ ਨਗਰ ਕੀਰਤਨ ਨੂੰ ਸ਼ਾਨਦਾਰ 'ਗਾਰਡ ਆਫ਼ ਆਨਰ' ਦਿੱਤਾ ਜਾਵੇਗਾ | ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਭਾਈ ਭਗਵਾਨ ਸਿੰਘ ਜੌਹਲ ਵਲੋਂ ਕੀਤਾ ਗਿਆ |