ਆਦਮਪੁਰ, 18 ਨਵੰਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਸੱਤਾ 'ਚ ਆਉਣ ਤੋਂ ਬਾਅਦ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਕੀਤੇ ਨੋਟੀਫਿਕੇਸ਼ਨ ਨੂੰ ਤਿੰਨ ਸਾਲ ਬਾਅਦ ਵੀ ਲਾਗੂ ਨਾ ਕਰਨ ਦੇ ਰੋਸ ਵਜੋਂ ਅੱਜ ਦਾ ਦਿਨ ਸੀ. ਪੀ. ਐਫ. ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਪੰਜਾਬ ਵਲੋਂ ਦਿੱਤੇ ਸਾਂਝੇ ਪ੍ਰੋਗਰਾਮ ਤਹਿਤ ਰੋਸ ਦਿਵਸ ਵਜੋਂ ਮਨਾਇਆ ਗਿਆ ਅਤੇ ਨਾਅਰੇਬਾਜ਼ੀ ਕੀਤੀ | ਸੀ. ਪੀ. ਐਫ਼. ਕਰਮਚਾਰੀ ਯੂਨੀਅਨ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲਗਭਗ ਢਾਈ ਲੱਖ ਮੁਲਾਜ਼ਮਾਂ ਨਾਲ ਪਹਿਲੀ ਕੈਬਨਿਟ ਵਿੱਚ ਹੀ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਪੰਜਾਬ ਸਰਕਾਰ ਵਲੋਂ 18 ਨਵੰਬਰ 2022 ਵਿੱਚ ਪੁਰਾਣੀ ਪੈਨਸ਼ਨ ਬਹਾਲੀ ਲਈ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਨੂੰ ਲਾਗੂ ਕਰਨਾ ਸ਼ਾਇਦ ਪੰਜਾਬ ਸਰਕਾਰ ਭੁੱਲ ਗਈ ਹੈ | ਬੀ. ਐੱਡ ਅਧਿਆਪਕ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਨੇ ਕਿਹਾ ਕਿ 25 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਰਾਸ਼ਟਰ ਪੱਧਰੀ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਸ਼ਾਮਿਲ ਹੋਣਗੇ | ਇਸ ਮੌਕੇ ਅਵਤਾਰ ਸਿੰਘ, ਪੰਕਜ ਟੰਡਨ, ਪਰਮਿੰਦਰ ਸਿੰਘ, ਜਸਵਿੰਦਰ ਸਿੰਘ, ਹਰਵਿੰਦਰ ਪਾਲ ਸਿੰਘ ਲੈਕਚਰਾਰ, ਪ੍ਰੇਮ ਸਿੰਘ ਲੈਕਚਰਾਰ, ਸਰਬਜੀਤ ਸਿੰਘ, ਸੁੱਖਵਿੰਦਰ ਸਿੰਘ, ਬਲਜੀਤ ਸਿੰਘ, ਜਸਵੰਤ ਸਿੰਘ, ਚੰਦਰ ਸ਼ੇਖਰ, ਜਗਤਾਰ ਸਿੰਘ,ਮਨੋਜ ਕੁਮਾਰ, ਸੰਤੋਖ ਸਿੰਘ, ਦਲਵੀਰਸਿੰਘ, ਲਖਵੀਰ ਸਿੰਘ, ਰਾਜਵਿੰਦਰ ਕੌਰ, ਸ਼ਮਾ ਰਾਣੀ, ਸਿਮਤਾ ਸਹਿਗਲ, ਸਵਰਨਜੀਤ ਕੌਰ ਅਧਿਆਪਕ ਹਾਜ਼ਰ ਸਨ |