21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪ੍ਰਸ਼ਾਸਨ ਵਲੋਂ ਐਕਵਾਇਰ ਕੀਤੀ ਜ਼ਮੀਨ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੁੜ ਕਿਸਾਨਾਂ ਨੂੰ ਦਿਵਾਇਆ ਕਬਜ਼ਾ

ਅਜੀਤ ਡੈਸਕ 21-07-2025
ਸ਼ਾਹਕੋਟ/ਮਲਸੀਆਂ, 20 ਜੁਲਾਈ (ਸੁਖਦੀਪ ਸਿੰਘ, ਨਗਿੰਦਰ ਸਿੰਘ ਬਾਂਸਲ, ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਨੇੜਲੇ ਪਿੰਡ ਕੋਟਲੀ ਗਾਜਰਾਂ ਵਿਖੇ ਬੀਤੇ ਦਿਨੀਂ 30 ਏਕੜ ਤੋਂ ਵੱਧ ਜ਼ਮੀਨ ਨੂੰ ਪ੍ਰਸ਼ਾਸਨ ਵਲੋਂ ਐਕਵਾਇਰ ਕਰਕੇ ਪੰਜਾਬ ਮੰਡੀ ਬੋਰਡ ਦੇ ਹਵਾਲੇ ਕਰਨ ਤੋਂ ਬਾਅਦ ਅੱਜ ਵਿਰੋਧ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਤੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜ੍ਹਵਾਂ ਦੀ ਅਗਵਾਈ 'ਚ ਉਸ ਜ਼ਮੀਨ ਦਾ ਕਬਜ਼ਾ ਮੁੜ ਕਿਸਾਨਾਂ ਨੂੰ ਦਵਾਇਆ ਗਿਆ | ਇਸ ਕਾਰਵਾਈ ਦੌਰਾਨ ਕਿਸਾਨਾਂ ਨੇ ਆਪਣੇ ਟਰੈਕਟਰ ਲਿਆ ਕੇ ਜਿੱਥੇ ਨਿਸ਼ਾਨਦੇਹੀ ਵਾਲੇ ਬੋਰਡ, ਪੋਲਾਂ ਅਤੇ ਤਾਰਾਂ ਨੂੰ ਉਖਾੜ ਸੁੱਟਿਆ ਉਥੇ ਹੀ ਜ਼ਮੀਨ ਵਾਹ ਕੇ ਝੋਨਾ ਤੱਕ ਵੀ ਲਗਾਉਣਾ ਸ਼ੁਰੂ ਕਰ ਦਿੱਤਾ | ਇਸ ਮੌਕੇ ਕਿਸਾਨਾਂ-ਮਜ਼ਦੂਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਪੀੜਤ ਕਿਸਾਨਾਂ ਨੂੰ ਪਰਿਵਾਰਾਂ ਸਮੇਤ ਘਰਾਂ 'ਚ ਕੈਦ ਕਰਕੇ ਤੇ ਕਈ ਕਿਸਾਨ ਆਗੂਆਂ ਤੇ ਕਿਸਾਨਾਂ ਨੂੰ ਗਿ੍ਫ਼ਤਾਰ ਕਰ ਕੇ ਧੱਕੇ ਨਾਲ ਜ਼ਮੀਨ 'ਤੇ ਬਿਨਾਂ ਮੁਆਵਜ਼ਾ ਦਿੱਤੇ ਕਬਜ਼ਾ ਕੀਤਾ ਸੀ | ਅੱਜ ਉਸ ਜ਼ਮੀਨ 'ਤੇ ਕਿਸਾਨਾਂ ਨੂੰ ਦੁਬਾਰਾ ਕਾਬਜ਼ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਜ਼ਮੀਨ ਸ਼ਾਹਕੋਟ ਤਹਿਸੀਲ ਤੇ ਕੌਮੀ ਮਾਰਗ ਨਾਲ ਲੱਗਦੀ ਹੈ | ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਇਸ ਜ਼ਮੀਨ ਦਾ ਰੇਟ ਕਰੋੜਾਂ 'ਚ ਹੈ ਪਰ ਪ੍ਰਸ਼ਾਸਨ ਸਿਰਫ਼ 28 ਲੱਖ ਦੇਣ ਦਾ ਲਾਰਾ ਲਗਾ ਕੇ ਇਸ ਬਹੁਕਰੋੜੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ | ਇਸ ਧੱਕੇਸ਼ਾਹੀ ਕਾਰਨ ਜ਼ਮੀਨ ਵਿਚੋਂ ਲੱਗਦਾ ਪੱਕਾ ਖ਼ਾਲਾ ਵੀ ਬੰਦ ਹੋ ਜਾਵੇਗਾ, ਜੋ ਅੱਗੇ ਪਿੰਡ ਮੀਏਾਵਾਲ ਤੱਕ ਜ਼ਮੀਨਾਂ ਦੀ ਸਿੰਚਾਈ ਕਰਦਾ ਹੈ | ਇਸ ਤੋਂ ਇਲਾਵਾ ਇਹ ਬਰਸਾਤੀ ਦਿਨਾਂ 'ਚ ਇਹ ਇੱਕੋ-ਇੱਕ ਰਸਤਾ ਪਾਣੀ ਦੀ ਨਿਕਾਸੀ ਵਾਸਤੇ ਹੈ, ਜੇਕਰ ਇੱਥੇ ਮੰਡੀ ਬਣਦੀ ਹੈ ਤਾਂ ਪਿੱਛੇ ਜ਼ਮੀਨਾਂ ਦਰਿਆ ਦਾ ਰੂਪ ਧਾਰਨ ਕਰ ਲੈਣਗੀਆਂ ਕਿਉਂਕਿ ਪਹਿਲਾਂ ਹੀ ਹਾਈਵੇ ਬਣਨ ਦੇ ਨਾਲ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਈ ਹੈ | ਉਹਨਾਂ ਦੱਸਿਆ ਕਿ ਸਰਕਾਰ ਨੇ 1956 'ਚ ਸ਼ਾਹਕੋਟ ਦਾਣਾ ਮੰਡੀ ਵਾਸਤੇ ਤਕਰੀਬਨ 100 ਏਕੜ ਜ਼ਮੀਨ ਐਕਵਾਇਰ ਕੀਤੀ ਸੀ ਅਤੇ ਉੱਥੇ ਇੱਕ ਵਾਰ ਕਣਕ ਦੀ ਖ਼ਰੀਦ ਵੀ ਕੀਤੀ ਗਈ ਸੀ ਪਰ ਕਿਸੇ ਕਾਰਨ ਉਸ ਮੰਡੀ ਨੂੰ ਬੰਦ ਕਰ ਦਿੱਤਾ ਗਿਆ ਤੇ ਸਰਕਾਰ ਹੁਣ ਉਸ ਜ਼ਮੀਨ ਨੂੰ ਸਾਇਲੋ ਬਣਾਉਣ ਵਾਸਤੇ ਕਾਰਪੋਰੇਟ ਘਰਾਣਿਆਂ ਨੂੰ ਪੇਸ਼ ਕਰਨਾ ਚਾਹੁੰਦੀ ਹੈ | ਹੁਣ ਦੁਬਾਰਾ ਉਸ ਜ਼ਮੀਨ ਦੇ ਨਾਲ ਲੱਗਦੀ 30 ਏਕੜ ਬਹੁ ਫ਼ਸਲੀ ਜ਼ਮੀਨ ਨੂੰ ਸਰਕਾਰ ਧੱਕੇ ਨਾਲ ਅਕਵਾਇਰ ਕਰਕੇ ਮੰਡੀ ਬੋਰਡ ਨੂੰ ਦੇਣਾ ਚਾਹੁੰਦੀ ਹੈ ਜਦਕਿ ਇਹ ਰਕਬਾ ਪਹਿਲਾਂ ਐਕਵਾਇਰ ਕੀਤੀ ਜ਼ਮੀਨ 'ਚੋਂ ਵੀ ਲਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਜ਼ਮੀਨ ਵਾਲੇ ਕਿਸਾਨ ਬਹੁਤ ਥੋੜ੍ਹੀ-ਥੋੜ੍ਹੀ ਜ਼ਮੀਨ ਦੇ ਮਾਲਕ ਹਨ ਤੇ ਉਨ੍ਹਾਂ ਦੇ ਘਰ ਵੀ ਉਸ ਹੀ ਜ਼ਮੀਨ 'ਚ ਬਣੇ ਹੋਏ ਹਨ, ਜਿੰਨਾਂ ਲਈ ਆਵਾਜ਼ਾਈ ਵਾਸਤੇ ਕੋਈ ਰਸਤਾ ਨਹੀਂ ਬਚਦਾ | ਜੇਕਰ ਸਰਕਾਰ ਨੇ ਮੰਡੀ ਬਣਾਉਣੀ ਹੈ ਤਾਂ ਜਿਹੜੀ ਜ਼ਮੀਨ ਪਹਿਲਾਂ ਐਕਵਾਇਰ ਕੀਤੀ ਜਾ ਚੁੱਕੀ ਹੈ ਉੱਥੇ ਬਣਾਵੇ | ਇਸ ਜਗ੍ਹਾ ਉੱਪਰ ਕਿਸੇ ਵੀ ਕੀਮਤ 'ਤੇ ਮੰਡੀ ਨਹੀਂ ਬਣਨ ਦਿੱਤੀ ਜਾਵੇਗੀ | ਜ਼ਿਕਰਯੋਗ ਹੈ ਕਿ ਇਸ ਸੰਘਰਸ਼ ਦੌਰਾਨ ਜ਼ਮੀਨ ਦੇ ਬਹੁਤ ਹੀ ਨਜ਼ਦੀਕ ਉੱਪ ਪ੍ਰਬੰਧਕੀ ਕੰਪਲੈਕਸ 'ਚ ਅਧਿਕਾਰੀ ਮੌਜੂਦ ਹੋਣ ਦੇ ਬਾਵਜੂਦ ਏ.ਸੀ. ਦਾ ਆਨੰਦ ਮਾਣ ਕੇ ਮੀਟਿੰਗਾਂ ਕਰਦੇ ਰਹੇ ਪਰ ਕਿਸੇ ਨੇ ਵੀ ਮੌਕੇ 'ਤੇ ਜਾ ਕੇ ਕਿਸਾਨਾਂ ਨਾਲ ਗੱਲਬਾਤ ਨਹੀਂ ਕੀਤੀ ਬਲਕਿ ਦਫ਼ਤਰੀ ਸਟਾਫ਼ ਨੂੰ ਭੇਜ ਕੇ ਸੁੱਖ-ਸੁਨੇਹਾ ਲੈਂਦੇ ਰਹੇ ਤੇ ਕਿਸਾਨਾਂ-ਮਜ਼ਦੂਰਾਂ ਦਾ ਕਬਜ਼ਾ ਹੁੰਦਾ ਰਿਹਾ | ਇਸ ਮੌਕੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ, ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕੇ ਕੋਠੇ, ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਂਵਾਲ, ਖਜ਼ਾਨਚੀ ਹਾਕਮ ਸਿੰਘ ਸ਼ਾਹਜਹਾਨਪੁਰ, ਬਲਵੀਰ ਸਿੰਘ, ਜਗਜੀਤ ਸਿੰਘ ਕੋਟ ਕਰਾਰ ਖਾਂ, ਤਰਸੇਮ ਸਿੰਘ, ਮੇਜਰ ਸਿੰਘ ਤਲਵੰਡੀ ਚੌਧਰੀਆਂ, ਪਰਮਜੀਤ ਸਿੰਘ, ਬਲਦੇਵ ਸਿੰਘ ਰੰਧੀਰਪੁਰ, ਮਲਕੀਤ ਸਿੰਘ ਫੱਤੋਵਾਲ, ਭਜਨ ਸਿੰਘ ਖਿਜਰਪੁਰ, ਪਿਆਰਾ ਸਿੰਘ ਵਾਟਾਂਵਾਲੀ, ਬਲਜਿੰਦਰ ਸਿੰਘ, ਹਰਜੀਤ ਸਿੰਘ ਸ਼ੇਰਪੁਰ, ਹਰਦੀਪ ਸਿੰਘ ਬਾਊਪੁਰ, ਜੋਗਾ ਸਿੰਘ ਭਾਣੋਲੰਗਾ, ਬਲਵੰਤ ਸਿੰਘ ਪੱਕੇ ਕੋਠੇ, ਜ਼ਿਲ੍ਹਾ ਜਲੰਧਰ ਤੋਂ ਜਗਦੀਸ਼ਪਾਲ ਸਿੰਘ ਬਾਹਮਣੀਆਂ, ਕਿਸ਼ਨ ਦੇਵ ਮਿਆਣੀ, ਲਵਪ੍ਰੀਤ ਸਿੰਘ, ਅੰਮਿ੍ਤਪਾਲ ਸਿੰਘ, ਲਖਵਿੰਦਰ ਸਿੰਘ, ਗੁਰਨਾਮ ਸਿੰਘ, ਰਣਤੇਜ ਸਿੰਘ ਕੋਟਲੀ ਗਾਜਰਾਂ, ਵੱਸਣ ਸਿੰਘ ਕੋਠਾ, ਸਤਨਾਮ ਸਿੰਘ ਰਾਈਵਾਲ, ਰਜਿੰਦਰ ਸਿੰਘ ਰਾਜੂ ਨੰਗਲ ਅੰਬੀਆਂ, ਨਿਰਮਲ ਸਿੰਘ ਢੰਡੋਵਾਲ, ਕਪੂਰਥਲਾ ਦੇ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਰੰਧੀਰਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸੰਬੰਧੀ ਥਾਣਾ ਮੁਖੀ ਨੂੰ ਕੀਤੀ ਸ਼ਿਕਾਇਤ ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼- ਆੜ੍ਹਤੀ ਸੁਰਿੰਦਰ ਕੁਮਾਰ ਗੁਪਤਾ, ਸ਼ੁਭਾਸ਼ ਚੰਦਰ ਗੁਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।