ਲੋਹੀਆਂ ਖਾਸ, 20 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) - ਆਲ ਪੰਜਾਬ ਡੀ. ਐਸ. ਟੀ./ਸੀ. ਟੀ. ਐਸ. ਕੰਟੈਰਕਟ ਇੰਸਟਰਕਟਰ ਯੂਨੀਅਨ ਦੀ ਮੀਟਿੰਗ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਪ੍ਰਧਾਨ ਵੱਲੋਂ ਦੱਸਿਆ ਕਿ ਸਾਡੀ ਮੀਟਿੰਗ ਮੁੱਖ ਮੰਤਰੀ ਨਾਲ ਤਿੰਨ ਵਾਰ ਹੋ ਚੁੱਕੀ ਹੈ, ਵਿੱਤ ਮੰਤਰੀ ਨਾਲ ਸਾਡੀ ਮੀਟਿੰਗ 12 ਵਾਰ ਹੋ ਚੁੱਕੀ ਹੈ ਤੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਸਾਡੀ ਬਹੁਤ ਵਾਰ ਮੀਟਿੰਗ ਹੋ ਚੁੱਕੀ ਹੈ ਤੇ ਇਹਨਾਂ ਤੋ ਇਲਾਵਾ ਅਮਨ ਅਰੋੜਾ, ਲਾਲਜੀਤ ਸਿੰਘ ਭੁੱਲਰ, ਡਾਕਟਰ ਗੁਰਪ੍ਰੀਤ ਕੌਰ ਤੇ ਹੋਰ ਕਈ ਕੈਬਨਿਟ ਮੰਤਰੀਆਂ ਨਾਲ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਾਡੀਆਂ ਮੰਗਾਂ ਨੂੰ ਸਾਢੇ ਤਿੰਨ ਸਾਲ ਬੀਤਣ ਉਪਰੰਤ ਵੀ ਆਪ ਸਰਕਾਰ ਵੱਲੋਂ ਪੂਰਿਆਂ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਚੋਣਾ ਤੋਂ ਪਹਿਲਾਂ ਅਤੇ ਅੱਜ ਤੱਕ ਵੀ ਅਸੀਂ ਆਪਣੀ ਨੌਕਰੀ ਨੂੰ ਸੁਰੱਖਿਅਤ ਕਰਨ, ਤਨਖਾਹਾਂ ਵਿਚ ਵਾਧਾ ਕਰਨ ਲਈ ਬੇਨਤੀ ਕਰਦੇ ਆ ਰਹੇ ਹਾਂ ਪਰ ਮੰਗਾਂ ਨੂੰ ਬੂਰ ਨਹੀਂ ਪਿਆ | ਉਨ੍ਹਾਂ ਕਿਹਾ ਕਿ ਇਸੇ ਤੋਂ ਤੰਗ ਆ ਕੇ ਯੂਨੀਅਨ ਵੱਲੋਂ ਵਿੱਤ ਮੰਤਰੀ ਦੇ ਹਲਕਾ ਦਿੜ੍ਹਬਾ ਵਿਚ ਮਿਤੀ 27 ਜੁਲਾਈ ਨੂੰ ਰੋਸ ਪ੍ਰਦਰਸ਼ਨ ਕਰਨ ਲਈ ਤਿਆਰੀ ਵਿੱਢ ਲਈ ਗਈ ਹੈ | ਯੂਨੀਅਨ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਜਲਦੀ ਪੂਰੀਆਂ ਨਹੀਂ ਕਰਦੀ ਤਾਂ ਇਹ ਸੰਘਰਸ਼ ਤਿੱਖਾ ਕਰਦੇ ਹੋਏ ਪੱਕੇ ਤੌਰ 'ਤੇ ਕੰਮ ਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤੇ ਜਾਣਗੇ | ਇਸ ਮੌਕੇ ਯੂਨੀਅਨ ਪ੍ਰਧਾਨ ਸੰਦੀਪ ਸਿੰਘ ਗਗੜੇਵਾਲ, ਸਿਮਰਨਜੀਤ ਸਿੰਘ ਫਿਰੋਜ਼ਪੁਰ, ਕਿਰਨਦੀਪ ਸਿੰਘ ਰੁਪਾਣਾ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ |