ਚੁਗਿੱਟੀ/ਜੰਡੂਸਿੰਘਾ, 20 ਜੁਲਾਈ (ਨਰਿੰਦਰ ਲਾਗੂ)-ਬੀਤੇ ਦਿਨੀਂ ਜਲੰਧਰ ਦੇ ਲਾਗਲੇ ਖੇਤਰ ਲੱਧੇਵਾਲੀ 'ਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਏ.ਟੀ.ਐਮ. ਨੂੰ ਗੈਸ ਕਟਰ ਨਾਲ ਕੱਟ ਕੇ ਲੁਟੇਰਿਆਂ ਵਲੋਂ ਉਸ 'ਚੋਂ ਲੱਖਾਂ ਦੀ ਨਕਦੀ ਲੁੱਟਣ ਦੇ ਮਾਮਲੇ 'ਤੇ ਪੁਲਿਸ ਵਲੋਂ ਗੰਭੀਰਤਾ ਨਾਲ ਕਾਰਵਾਈ ਕਰਦੇ ਹੋਏ ਲੁਟੇਰਿਆਂ ਨੂੰ ਗਿ੍ਫ਼ਤਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ | ਇਹ ਗੱਲ ਅੱਜ ਸੰਪਰਕ ਕਰਨ 'ਤੇ ਜਾਂਚ ਅਧਿਕਾਰੀ ਏ.ਐਸ.ਆਈ. ਬਲਕਰਨ ਸਿੰਘ ਵਲੋਂ ਆਖੀ ਗਈ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਵਾਰਦਾਤ ਵਾਲੀ ਥਾਂ ਦੇ ਨਜ਼ਦੀਕ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ, ਜਦੋਂ ਕਿ ਵਾਰਦਾਤ ਤੋਂ ਬਾਅਦ ਕੁਝ ਕੈਮਰਿਆਂ ਦੀ ਸਾਹਮਣੇ ਆਈ ਫੁਟੇਜ ਪ੍ਰਤੀ ਵੀ ਸੰਜੀਦਗੀ ਵਰਤੀ ਜਾ ਰਹੀ ਹੈ | ਵਰਣਨਯੋਗ ਹੈ ਕਿ ਲੁਟੇਰਿਆਂ ਵਲੋਂ ਬੇਖੌਫ਼ ਹੋ ਕੇ ਕੀਤੀ ਗਈ ਇਸ ਵਾਰਦਾਤ ਦੌਰਾਨ 14 ਲੱਖ ਤੋਂ ਵੱਧ ਦੀ ਰਕਮ ਦੀ ਲੁੱਟ ਕੀਤੀ ਗਈ ਸੀ | ਦੱਸਿਆ ਜਾ ਰਿਹਾ ਹੈ ਕਿ ਲੁੁਟੇਰਿਆਂ ਦੀਆਂ ਤਸਵੀਰਾਂ ਏ.ਟੀ.ਐਮ. ਦੇ ਅੰਦਰ ਅਤੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈਆਂ ਹਨ, ਜਿਸ ਵਿਚ ਨਜ਼ਰ ਆਉਂਦਾ ਹੈ ਕਿ 4 ਨਕਾਬਪੋਸ਼ ਚੋਰਾਂ ਵਲੋਂ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ | ਉਧਰ ਲਗਾਤਾਰ ਵਧ ਰਹੀਆਂ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਉਕਤ ਥਾਣੇ ਅਧੀਨ ਆਉਂਦੇ ਇਲਾਕੇ 'ਚ ਰਹਿੰਦੇ ਲੋਕਾਂ ਦੇ ਮਨਾਂ 'ਚ ਡਰ ਵਾਲਾ ਮਾਹੌਲ ਬਣਿਆ ਹੋਇਆ ਹੈ | ਇਲਾਕਾ ਵਸਨੀਕਾਂ ਵਲੋਂ ਪੁਲਿਸ ਮਹਿਕਮੇ ਦੇ ਆਲ੍ਹਾ ਅਧਿਕਾਰੀਆਂ ਨੂੰ ਇਸ ਮਸਲੇ ਪ੍ਰਤੀ ਗੰਭੀਰਤਾ ਵਰਤਦੇ ਹੋਏ ਚੋਰਾਂ-ਲੁਟੇਰਿਆਂ 'ਤੇ ਸ਼ਿਕੰਜਾ ਕੱਸਣ ਲਈ ਪੁਲਿਸ ਗਸ਼ਤ ਵਧਾਉਣ ਦੀ ਅਪੀਲ ਕੀਤੀ ਗਈ ਹੈ |