ਜਲੰਧਰ, 20 ਜੁਲਾਈ (ਸ਼ਿਵ)- ਜਲੰਧਰ ਦੇ ਵਾਰਡ ਨੰਬਰ 40 'ਚ ਪੈਂਦੇ ਦਿਓਲ ਨਗਰ ਅਤੇ ਨਿਊ ਦਿਓਲ ਨਗਰ ਦਾ ਛੋਟਾ ਪਾਰਕ ਉਦਘਾਟਨ ਨੂੰ ਤਰਸ ਰਿਹਾ ਹੈ | ਇਸ ਪਾਰਕ ਨੂੰ ਚੰਗੇ ਭਲੇ ਹੁੰਦੇ ਹੋਏ ਵੀ ਵਿਕਾਸ ਦੇ ਨਾਂਅ 'ਤੇ ਤੋੜ ਦਿੱਤਾ ਗਿਆ ਪਰ ਉਸ ਨੂੰ ਦੁਬਾਰਾ ਨਹੀਂ ਬਣਾਇਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਇਕ ਮਹੀਨਾ ਪਹਿਲਾਂ ਇਸ ਪਾਰਕ ਨੂੰ ਤੋੜਿਆ ਗਿਆ ਸੀ ਤਾਂ ਕਿ ਇਸ ਨੂੰ ਚੰਗੇ ਤਰੀਕੇ ਨਾਲ ਨਵੇਂ ਸਿਰੇ ਤੋਂ ਬਣਾਇਆ ਜਾ ਸਕੇ ਇਸ ਦੀਆਂ ਟਾਈਲਾਂ ਜੋ ਕਿ ਬਿਲਕੁਲ ਠੀਕ ਸਨ ਉਹ ਵੀ ਬਾਹਰ ਕੱਢ ਕੇ ਸੁੱਟੀਆਂ ਹੋਈਆਂ ਹਨ ਤੇ ਬੂਟੇ ਵੀ ਹੁਣ ਖ਼ਰਾਬ ਹੋ ਰਹੇ ਹਨ ਕਿਉਂਕਿ ਪਾਰਕ ਦੀ ਹਾਲਤ ਖ਼ਰਾਬ ਹੋਣ ਕਰਕੇ ਲੋਕ ਹੁਣ ਇਹਨਾਂ ਬੂਟਿਆਂ ਨੂੰ ਪਾਣੀ ਪਾਣ ਵੀ ਨਹੀਂ ਜਾ ਰਹੇ ਦੂਜੇ ਪਾਸੇ ਜਦੋਂ ਇਸ ਸੰਬੰਧੀ ਇਲਾਕੇ ਦੇ ਕੌਂਸਲਰ ਅਜੇ ਬੱਬਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਉਦਘਾਟਨ ਕੈਬਨਿਟ ਮੰਤਰੀ ਵਲੋਂ ਕੀਤਾ ਜਾਣਾ ਹੈ ਇਸ ਲਈ ਅਜੇ ਇਸ ਨੂੰ ਬਣਾਇਆ ਨਹੀਂ ਜਾ ਰਿਹਾ ਪਰ ਤਕਰੀਬਨ ਇਕ ਮਹੀਨੇ ਤੋਂ ਇਹ ਪਾਰਕ ਮੰਤਰੀ ਦੇ ਉਦਘਾਟਨ ਦੀ ਉਡੀਕ ਕਰ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਮੰਤਰੀ ਜੀ ਜਾਂ ਤਾਂ ਇਸ ਪਾਰਕ ਦਾ ਉਦਘਾਟਨ ਕਰੋ ਨਹੀਂ ਤਾਂ ਜਿਸ ਤਰ੍ਹਾਂ ਪਹਿਲਾਂ ਸੀ ਇਹਨੂੰ ਉਸੇ ਹਾਲਤ 'ਚ ਹੀ ਕਰਵਾ ਦਿਓ ਤਾਂ ਕਿ ਲੋਕ ਇੱਥੇ ਜਾ ਸਕਣ ਤੇ ਬੂਟਿਆਂ ਦੀ ਦੇਖਭਾਲ ਕਰ ਸਕਣ |