ਜਲੰਧਰ, 19 ਜੁਲਾਈ (ਐੱਮ. ਐੱਸ. ਲੋਹੀਆ) - ਐਕਟਿਵਾ 'ਤੇ ਆਪਣੇ ਪਤੀ ਨਾਲ ਕਿਸੇ ਕੰਮ ਜਾ ਰਹੀ ਔਰਤ ਦੇ ਕੰਨ 'ਚ ਪਾਈ ਵਾਲੀ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ | ਪੀੜਤਾ ਪਰਵੀਨ ਮਲਿਕ ਦੇ ਪਤੀ ਮੇਹਰ ਮਲਿਕ ਵਾਸੀ ਤਿਲਕ ਨਗਰ, ਜਲੰਧਰ ਨੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਹ ਸ਼ਾਮ ਕਰੀਬ 5.40 ਵਜੇ ਜਦੋਂ ਉਹ ਆਪਣੇ ਕਿਸੇ ਕੰਮ ਤੋਂ ਘਰ ਵੱਲ ਜਾ ਰਹੇ ਸਨ ਤਾਂ ਮੇਨ ਰੋਡ ਨੇੜੇ ਪਿੱਛੋਂ 2 ਮੋਟਰਸਾਈਕਲ ਸਵਾਰ ਆਏ | ਉਨ੍ਹਾਂ ਦੇ ਨੇੜੇ ਆ ਕੇ ਚਾਲਕ ਨੇ ਮੋਟਰਸਾਈਕਲ ਦੀ ਰਫ਼ਤਾਰ ਘਟਾ ਦਿੱਤੀ ਤੇ ਪਿੱਛੇ ਬੈਠੇ ਵਿਅਕਤੀ ਨੇ ਉਸ ਦੀ ਪਤਨੀ ਦੇ ਕੰਨ 'ਚ ਪਾਈ ਵਾਲੀ ਝਪਟ ਲਈ | ਇਸ ਵਾਰਦਾਤ ਦੌਰਾਨ ਉਸ ਦਾ ਐਕਟਿਵਾ 'ਤੇ ਕਾਬੂ ਨਹੀਂ ਰਿਹਾ, ਜਿਸ ਕਰਕੇ ਉਸ ਦੀ ਪਤਨੀ ਹਾਦਸੇ ਦਾ ਸ਼ਿਕਾਰ ਹੁੰਦੀ-ਹੁੰਦੀ ਬਚੀ | ਉਸ ਵਲੋਂ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ, ਪਰ ਉਹ ਤੇਜ਼ ਰਫ਼ਤਾਰ ਨਾਲ ਫਰਾਰ ਹੋ ਗਏ | ਪੀੜਤ ਨੇ ਪੁਲਿਸ ਨੂੰ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਮੁਹੱਈਆ ਕਰਵਾਈ ਹੈ, ਜਿਸ 'ਚ ਸਾਰੀ ਵਾਰਦਾਤ ਸਪੱਸ਼ਟ ਹੋ ਰਹੀ ਹੈ | ਪੁਲਿਸ ਵਲੋਂ ਮਿਲੀ ਸ਼ਿਕਾਇਤ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |